ਅੰਮ੍ਰਿਤਸਰ: ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਇੱਕ ਵਿਅਕਤੀ ਵੱਲੋਂ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ ਗਈ ਸੀ। ਜਿਸ ਵਿੱਚ ਉਹਨਾਂ ਵੱਲੋਂ 30 ਕਿਲੇ ਦੇ ਕਰੀਬ ਜ਼ਮੀਨ ਸਕੂਲ ਦੇ ਨਾਮ ਲਗਾ ਦਿੱਤੀ ਗਈ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ। ਲੇਕਿਨ ਸਕੂਲ ਦੀ ਪ੍ਰਬੰਧਕ ਟੀਮ ਵੱਲੋਂ ਹੀ ਇਸ ਜਗ੍ਹਾ ਨੂੰ ਆਪਣੇ ਲੈਟਰ ਹੈਡ 'ਤੇ ਵੇਚ ਕੇ ਮੋਟੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇੱਕ ਸਮਾਜ ਸੇਵੀ ਵੱਲੋਂ ਇਸ ਦੀ ਆਵਾਜ਼ ਚੁੱਕੀ ਗਈ ਅਤੇ ਉਸ ਵੱਲੋਂ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨਾ ਤਾਂ ਸਕੂਲ ਪ੍ਰਸ਼ਾਸਨ ਇਸ ਨੂੰ ਵੇਚ ਸਕਦਾ ਹੈ ਅਤੇ ਨਾ ਹੀ ਇਸ ਨੂੰ ਕਿਸੇ ਹੋਰ ਨੂੰ ਦੇ ਸਕਦਾ ਹੈ।
ਸਕੂਲ ਪ੍ਰਬੰਧਕਾਂ 'ਤੇ ਲਾਏ ਦੋਸ਼: ਉਥੇ ਹੀ ਸਮਾਜ ਸੇਵੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਵੱਲੋਂ ਅਦਾਲਤੀ ਕੇਸ ਵੀ ਕੀਤਾ ਹੋਇਆ ਹੈ ਅਤੇ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ ਅਦਾਲਤ ਜਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅੱਗੇ ਪੇਸ਼ ਨਹੀਂ ਕੀਤਾ ਗਿਆ। ਜਿਸ ਨੂੰ ਲੈ ਕੇ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦੇ ਪ੍ਰਬੰਧਕ ਟੀਮ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ। ਉਨ੍ਹਾਂ ਅੱਗੇ ਬੋਲਦੇ ਹੋਏ ਦੱਸਿਆ ਕਿ ਇਹਨਾਂ ਵੱਲੋਂ 30 ਕਿਲੇ ਦੇ ਕਰੀਬ ਜਗ੍ਹਾ ਵਿੱਚੋਂ ਅੱਧੇ ਦੇ ਕਰੀਬ ਜ਼ਮੀਨ ਵੇਚ ਦਿੱਤੀ ਗਈ ਹੈ ਅਤੇ ਆਪਣੀਆਂ ਵੱਡੀਆਂ ਕੋਠੀਆਂ ਪਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਸ਼ਾਇਦ ਇਹ ਦਾਨ ਕੀਤੀ ਗਈ ਸਾਰੀ ਹੀ ਜ਼ਮੀਨ ਵੇਚ ਕੇ ਖਾ ਜਾਣਗੇ।
ਪ੍ਰਸ਼ਾਸਨ ਤੋਂ ਕਾਰਵਾਈ ਦੀ ਕੀਤੀ ਮੰਗ: ਉੱਥੇ ਹੀ ਦੂਸਰੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਅਤੇ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਜਿਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਦਾਨ ਕੀਤੀ ਜ਼ਮੀਨ ਵੇਚੀ ਗਈ ਹੈ, ਉਹਨਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਬਾਬਤ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਇੱਕ ਵਾਰ ਫਿਰ ਤੋਂ ਦੁਬਾਰਾ ਮਿਲਣਗੇ ਅਤੇ ਪ੍ਰਸ਼ਾਸਨ ਦੇ ਅੱਗੇ ਇਸ ਸਾਰੇ ਮੁੱਦੇ ਨੂੰ ਚੁੱਕਣਗੇ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ਼ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅੱਗੇ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਸਾਡੇ ਗੁਰੂ ਸਾਹਿਬਾਨ ਦੀ ਜ਼ਮੀਨ ਨੂੰ ਕੋਈ ਵੀ ਵਿਅਕਤੀ ਵੇਚਦਾ ਹੋਇਆ ਪਾਇਆ ਗਿਆ ਤਾਂ ਅਸੀਂ ਉਸ ਖਿਲਾਫ ਸਖ਼ਤ ਤੋਂ ਸਖ਼ਤ ਐਕਸ਼ਨ ਵੀ ਕਰਾਂਗੇ ਅਤੇ ਹੋ ਸਕਿਆ ਤਾਂ ਪ੍ਰਸ਼ਾਸਨ ਦੇ ਵਿਹੜੇ 'ਚ ਬੈਠ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਸਕੂਲ ਪ੍ਰਬੰਧਕਾਂ ਨੇ ਇਲਜ਼ਾਮਾਂ ਨੂੰ ਨਕਾਰਿਆ: ਦੂਸਰੇ ਪਾਸੇ ਸਕੂਲ ਪ੍ਰਸ਼ਾਸਨ ਅਤੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਸ ਜ਼ਮੀਨ ਨੂੰ ਵੇਚਿਆ ਨਹੀਂ ਗਿਆ, ਸਗੋਂ ਇੱਥੇ ਵੱਡੇ ਸਕੂਲ ਬਣਾਏ ਗਏ ਹਨ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਜ਼ਮੀਨ ਵੇਚੀ ਗਈ ਹੈ, ਉਸ ਜ਼ਮੀਨ ਦੇ ਵੇਚਣ ਤੋਂ ਬਾਅਦ ਉਹਨਾਂ ਵੱਲੋਂ ਹੋਰ ਜਗ੍ਹਾ 'ਤੇ ਜ਼ਮੀਨ ਲੈ ਕੇ ਸਕੂਲ ਬਣਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਪ੍ਰਸ਼ਾਸਨਿਕ ਟੀਮ ਕੋਲੋਂ ਪੂਰੇ ਅਖਤਿਆਰ ਹਨ ਕਿ ਉਹ ਜ਼ਮੀਨ ਵੇਚ ਸਕਦੇ ਹਨ ਅਤੇ ਜ਼ਮੀਨ ਵੇਚ ਕੇ ਦੂਸਰੀ ਜਗ੍ਹਾ 'ਤੇ ਜ਼ਮੀਨ ਲੈ ਸਕਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵਾਰ ਆਪਣੇ ਦਸਤਾਵੇਜ਼ ਲੈ ਕੇ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਉਹਨਾਂ ਨੂੰ ਪੱਤਰ ਦੇ ਚੁੱਕੇ ਹਾਂ ਪਰ ਡਿਪਟੀ ਕਮਿਸ਼ਨਰ ਬਦਲੀ ਹੋਣ ਕਾਰਨ ਬਾਰ-ਬਾਰ ਉਹਨਾਂ ਨੂੰ ਦਸਤਾਵੇਜ਼ ਦੇਣੇ ਪੈਂਦੇ ਹਨ। ਉਹਨਾਂ ਕਿਹਾ ਕਿ ਇਸ ਦਾ ਇੱਕ ਕੇਸ ਵੀ ਮਾਣਯੋਗ ਅਦਾਲਤ ਵਿੱਚ ਲੱਗਾ ਹੋਇਆ ਹੈ ਅਤੇ ਸਾਨੂੰ ਆਸ ਹੈ ਕਿ ਉਸ 'ਤੇ ਜਲਦ ਹੀ ਸੁਣਵਾਈ ਵੀ ਹੋਵੇਗੀ ਤੇ ਸਾਡੇ ਹੱਕ ਦੇ ਵਿੱਚ ਫੈਸਲਾ ਵੀ ਆਵੇਗਾ।