ਖੰਨਾ: ਪੰਜਾਬ ਅੰਦਰ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਸਿਆਸੀ ਹਮਲੇ ਕੀਤੇ ਹਨ। ਲੁਧਿਆਣਾ ਜਿਲ੍ਹੇ ਦੇ ਪਾਇਲ ਵਿਧਾਨ ਸਭਾ ਹਲਕੇ ਅੰਦਰ ਨਹਿਰ ਪੁਲ ਰੌਲ ਨੇੜੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਗਰਮਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) 'ਤੇ ਵੀਡੀਓ ਸਾਂਝੀ ਕੀਤੀ ਅਤੇ ਪ੍ਰਸ਼ਾਸਨ ਅਤੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ।
ਜਦਕਿ, ਵਾਤਾਵਰਣ ਪ੍ਰੇਮੀਆਂ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
'ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ'
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਪੋਸਟ ਕਰਕੇ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਪਾਇਲ ਦੇ ਪਿੰਡ ਰੌਲ ਵਿੱਚ ਦਿਨ-ਦਿਹਾੜੇ ਨਹਿਰ ਚੋਂ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੋਵੇਂ ਹੀ ਇਸਨੂੰ ਰੋਕਣ ਵਿੱਚ ਅਸਫਲ ਰਹੇ ਹਨ।
Like all other areas of governance @BhagwantMann has failed miserably to control illegal mining in Punjab.
— Sukhpal Singh Khaira (@SukhpalKhaira) January 16, 2025
Below is video of V. Raul in Payal constituency (Ludhiana) where mining mafia are blatantly & illegally mining in the river bed.
Such broad daylight incidents of illegal… pic.twitter.com/qdW4VGNuCQ
ਖਹਿਰਾ ਨੇ ਲਿਖਿਆ ਕਿ 'ਆਪ' ਸਰਕਾਰ ਦਾ ਗੈਰ-ਕਾਨੂੰਨੀ ਮਾਈਨਿੰਗ ਰੋਕ ਕੇ ਸਰਕਾਰੀ ਖਜ਼ਾਨੇ ਨੂੰ 20,000 ਕਰੋੜ ਰੁਪਏ ਨਾਲ ਭਰਨ ਦਾ ਦਾਅਵਾ ਵੀ ਝੂਠਾ ਹੈ। ਇਹ ਕਿਹੋ ਜਿਹਾ ਬਦਲਾਅ ਹੈ? ਇਸਤੋਂ ਇਲਾਵਾ ਇਲਾਕੇ ਦੇ ਵਾਤਾਵਰਨ ਪ੍ਰੇਮੀ ਨੇ ਕਿਹਾ ਕਿ ਜਿੰਨੇ ਵੀ ਇਸ ਮਾਮਲੇ ਚ ਦੋਸ਼ੀ ਹਨ, ਸਾਰਿਆਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।
ਮਾਈਨਿੰਗ ਅਤੇ ਪੁਲਿਸ ਵਿਭਾਗ ਦੋਵੇਂ ਹਰਕਤ 'ਚ ਆਏ
ਸੁਖਪਾਲ ਖਹਿਰਾ ਦੀ ਪੋਸਟ ਤੋਂ ਬਾਅਦ ਮਾਈਨਿੰਗ ਅਤੇ ਪੁਲਿਸ ਵਿਭਾਗ ਦੋਵੇਂ ਹਰਕਤ ਵਿੱਚ ਆ ਗਏ। ਮਾਈਨਿੰਗ ਵਿਭਾਗ ਦੀ ਇੱਕ ਟੀਮ ਨੇ ਮੌਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਨੂੰ ਪੱਤਰ ਵੀ ਲਿਖਿਆ।
ਦੂਜੇ ਪਾਸੇ, ਦੋਰਾਹਾ ਥਾਣਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਕਿਹਾ ਕਿ ਸਰਹਿੰਦ ਨਹਿਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਕਈ ਥਾਵਾਂ 'ਤੇ ਸ਼ਰਾਰਤੀ ਲੋਕ ਨਹਿਰ ਵਿੱਚੋਂ ਰੇਤ ਅਤੇ ਮਿੱਟੀ ਕੱਢਦੇ ਹਨ। ਇਸਨੂੰ ਰੋਕਣ ਲਈ ਉਹ ਖੁਦ ਮਾਈਨਿੰਗ ਵਿਭਾਗ ਦੀ ਟੀਮ ਨਾਲ ਰਾਤ ਨੂੰ ਗਸ਼ਤ ਕਰਦੇ ਹਨ। ਜੇਕਰ ਕਿਤੇ ਵੀ ਮਾਈਨਿੰਗ ਕੀਤੀ ਗਈ ਹੈ ਤਾਂ ਉਹ ਕੇਸ ਦਰਜ ਕਰਨਗੇ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।