ਅੰਮ੍ਰਿਤਸਰ: ਪੰਜਾਬ ਦੀ ਖ਼ਰਾਬ ਸਿਹਤ ਪ੍ਰਣਾਲੀ ਦੀਆਂ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਸੂਬੇ ਦੇ ਅੰਮ੍ਰਿਤਸਰ ਤੋਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਇੱਥੇ ਇੱਕ ਹਸਪਤਾਲ ਖੁਦ ਸਫ਼ਾਈ ਨਾ ਹੋਣ ਕਾਰਨ ਬਿਮਾਰ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ ਵੀ ਹਸਪਤਾਲ ਦੀ ਗੰਦਗੀ ਕਾਰਨ ਇਲਾਜ ਕਰਵਾਉਣਾ ਪਸੰਦ ਨਹੀਂ ਕਰ ਰਹੇ ਹਨ। ਦਾਖ਼ਲ ਮਰੀਜ਼ਾਂ ਦਾ ਕਹਿਣਾ ਹੈ ਕਿ ਜਿੱਥੇ ਹਸਪਤਾਲ ਹੀ ਬਿਮਾਰ ਹੈ, ਉੱਥੇ ਇਲਾਜ ਕਿਵੇਂ ਸੰਭਵ ਹੈ। ਇਹ ਸਾਰਾ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ ਦਾ ਹੈ।
ਦਰਅਸਲ, ਗੁਰੂ ਨਾਨਕ ਦੇਵ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ 'ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਿਵਾਦ ਦੇ ਪਿੱਛੇ ਦਾ ਕਾਰਨ ਹਸਪਤਾਲ 'ਚ ਫੈਲੀ ਹੋਈ ਗੰਦਗੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਗੁਰੂ ਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ, ਜਿੱਥੇ ਉਨ੍ਹਾਂ ਨੂੰ ਗੰਦਗੀ ਦੇਖਣ ਨੂੰ ਮਿਲੀ।
ਹਾਲਾਤਾਂ ਵਿੱਚ ਸੁਧਾਰ ਕਰਨ ਦੀ ਦਿੱਤੀ ਚੇਤਾਵਨੀ: ਉਨ੍ਹਾਂ ਨੇ ਹਸਪਤਾਲ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਹਾਲਾਤਾਂ ਵਿੱਚ ਸੁਧਾਰ ਕਰਨ ਦੀ ਚੇਤਾਵਨੀ ਦਿੱਤੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਅੱਜ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹੁੰਚੇ ਹਨ। ਇੱਥੇ ਦੇ ਹਾਲਾਤ ਬਹੁਤ ਜਿਆਦਾ ਮਾੜੇ ਹਨ। ਮਰੀਜ਼ਾਂ ਨੂੰ ਆਏ ਦਿਨ ਹੀ ਇਥੋਂ ਦੇ ਹਾਲਾਤਾਂ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਬੇ ਨਾਨਕ ਦੇ ਨਾਂਅ 'ਤੇ ਹੈ ਹਸਪਤਾਲ: ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਖੁਦ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆ ਕੇ ਦੇਖਿਆ ਤਾਂ ਮੈਨੂੰ ਹਸਪਤਾਲ ਵਿੱਚ ਕਿਸੇ ਵੀ ਤਰੀਕੇ ਦੀ ਸਫਾਈ ਦੇਖਣ ਨੂੰ ਨਹੀਂ ਮਿਲੀ। ਹਰ ਜਗ੍ਹਾਂ ਗੰਦਗੀ ਫੈਲੀ ਹੋਈ ਸੀ। ਬਾਬੇ ਨਾਨਕ ਦੇ ਨਾਂਅ 'ਤੇ ਬਣੇ ਇਸ ਹਸਪਤਾਲ ਵਿੱਚ ਅਜਿਹੇ ਹਾਲਾਤ ਦੇਖ ਕੇ ਅਸੀ ਸ਼ਰਮਸਾਰ ਹੋ ਗਏ ਹਾਂ।
ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰਾਂ ਨੂੰ ਇੱਥੋਂ ਦੇ ਹਾਲਾਤਾਂ ਵਿੱਚ ਸੁਧਾਰ ਕਰਨ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ 10-15 ਦਿਨਾਂ ਬਾਅਦ ਫਿਰ ਦੁਬਾਰਾ ਹਸਪਤਾਲ ਦਾ ਜਾਇਜ਼ਾ ਲੈਣ ਲਈ ਆਉਣਗੇ।
ਮਰੀਜ਼ਾਂ ਨਾਲ ਬੁਰਾ ਵਿਵਹਾਰ ਕਰਦੇ ਨੇ ਡਾਕਟਰ: ਮਾਤਾ ਗੁਰਮੀਤ ਕੌਰ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਜਿੰਨੇ ਵੀ ਡਾਕਟਰ ਹਨ, ਸਾਰੇ ਗੈਰ ਜਿੰਮੇਵਾਰ ਹਨ। ਉਹ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਨਹੀਂ ਕਰ ਰਹੇ ਹਨ। ਹਸਪਤਾਲ ਦੇ ਇੰਨੇ ਮਾੜੇ ਹਾਲਾਤ ਹਨ ਕਿ ਜੇਕਰ ਕਿਸੇ ਮਰੀਜ਼ ਦਾ ਪਰਿਵਾਰਿਕ ਮੈਂਬਰ ਜਾਂ ਮਰੀਜ਼ ਦੋ ਤੋਂ ਤਿੰਨ ਦਿਨ ਇੱਥੇ ਰਹਿਣ ਲਈ ਆ ਜਾਵੇ ਤਾਂ ਉਨ੍ਹਾਂ ਦੀ ਹਾਲਤ ਵੀ ਮਰੀਜ਼ਾਂ ਵਰਗੀ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਡਾਕਟਰ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਰਵਿਵਹਾਰ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ। ਇੱਥੋਂ ਤੱਕ ਕਿ ਇਸ ਸਰਕਾਰੀ ਹਸਪਤਾਲ ਵਿੱਚ ਆਯੁਸ਼ਮਾਨ ਕਾਰਡ ਵੀ ਨਹੀਂ ਚੱਲ ਰਹੇ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਗੱਲਬਾਤ ਕਰਦਿਆਂ ਗੁਰਮੀਤ ਕੌਰ ਨੇ ਕਿਹਾ ਕਿ ਉਹ ਸਾਰੇ ਵਰਤਾਰੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਪੱਤਰ ਲਿਖਣਗੇ।
ਦੂਜੇ ਪਾਸੇ ਹਸਪਤਾਲ 'ਚ ਦਾਖਲ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਹਸਪਤਾਲ ਦੇ ਹਾਲਾਤ ਕਾਫੀ ਤਰਸਯੋਗ ਹਨ ਅਤੇ ਜਗ੍ਹਾਂ-ਜਗ੍ਹਾਂ ਗੰਦਗੀ ਫੈਲੀ ਹੋਈ ਹੈ। ਹਸਪਤਾਲ ਦੇ ਬਾਥਰੂਮਾਂ ਵਿੱਚ ਵੀ ਬਹੁਤ ਜਿਆਦਾ ਗੰਦਗੀ ਹੈ।