ਬਰਨਾਲਾ: ਵਿਧਾਨ ਸਭਾ ਬਰਨਾਲਾ ਜ਼ਿਮਨੀ ਚੋਣ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਚੋਣ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਜੀਅ ਤੋੜ ਜਾਨ ਝੋਖ ਦਿੱਤੀ ਹੈ। ਉਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ਉਪਰ ਜੰਮ ਕੇ ਨਿਸ਼ਾਨੇ ਲਗਾਏ, ਪਰ ਉਹ ਆਮ ਆਦਮੀ ਪਾਰਟੀ ਦੇ ਬਾਗੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਪ੍ਰਤੀ ਇੱਕ ਸ਼ਬਦ ਵੀ ਨਾ ਬੋਲੇ। ਜੋ ਬਰਨਾਲਾ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਆਪ ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ
ਉਥੇ ਰੋਡ ਸ਼ੋਅ ਤੋਂ ਪਹਿਲਾਂ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਵਿੱਚ ਉਹ ਆਏ ਹਨ ਅਤੇ ਇਸ ਦੌਰਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਜਿਹਨਾਂ ਵਿੱਚ ਭਾਜਪਾ ਵਿੱਚ ਲੰਬਾ ਸਮਾਂ ਕੰਮ ਕਰਨ ਵਾਲੇ ਧੀਰਜ ਕੁਮਾਰ 'ਆਪ' ਵਿੱਚ ਸ਼ਾਮਲ ਹੋਏ ਹਨ, ਜਿਸਦਾ ਸਾਨੂੰ ਫ਼ਾਇਦਾ ਹੋਵੇਗਾ। ਉਥੇ ਭਗਵੰਤ ਮਾਨ ਨੇ ਕਿਹਾ ਕਿ 7 ਦਿਨ ਚੋਣ ਦੇਰੀ ਨਾਲ ਹੋਵੇਗੀ, ਜਿਸਦਾ ਆਮ ਆਦਮੀ ਪਾਰਟੀ ਨੂੰ ਹੀ ਫ਼ਾਇਦਾ ਹੋਵੇਗਾ। ਪਹਿਲਾਂ ਆਮ ਆਦਮੀ ਪਾਰਟੀ ਨੇ 25 ਹਜ਼ਾਰ ਨਾਲ ਜਿੱਤਣਾ ਸੀ, ਪਰ ਇਸ ਨਾਲ 30 ਹਜ਼ਾਰ ਨਾਲ ਜਿੱਤ ਜਾਵਾਂਗੇ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਮੀਤ ਹੇਅਰ ਪਹਿਲਾਂ ਸਿਹਤਯਾਬ ਨਹੀਂ ਸਨ, ਜਿਸ ਕਰਕੇ ਹੁਣ ਚੋਣ ਪ੍ਰਚਾਰ ਲਈ ਸਮਾਂ ਵੱਧ ਮਿਲ ਗਿਆ ਹੈ।
ਗੁਰਦੀਪ ਬਾਠ ਨੂੰ ਲੈਕੇ ਬੋਲੇ ਮਾਨ
ਗੁਰਦੀਪ ਸਿੰਘ ਬਾਠ ਵਲੋਂ ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜਨ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਹਰ ਵਿਅਕਤੀ ਨੂੰ ਟਿਕਟ ਮੰਗਣ ਦਾ ਹੱਕ ਹੈ। ਆਮ ਆਦਮੀ ਪਾਰਟੀ ਆਪਣੀ ਪਾਰਟੀ ਦੇ ਹਰ ਵਰਕਰ ਨੂੰ ਮੌਕਾ ਦਿੰਦੀ ਹੈ। ਉਹਨਾਂ ਕਿਹਾ ਕਿ ਗੁਰਦੀਪ ਸਿੰਘ ਬਾਠ ਸਾਡੀ ਪਾਰਟੀ ਦੇ ਸੱਤ ਸਾਲ ਤੋਂ ਜ਼ਿਲ੍ਹਾ ਪ੍ਰਧਾਨ ਚੱਲੇ ਆ ਰਹੇ ਸਨ। ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪ੍ਰਧਾਨ ਬਦਲ ਦਿੱਤੇ ਗਏ ਸਨ, ਪਰ ਉਹਨਾਂ ਨੂੰ ਨਹੀਂ ਬਦਲਿਆ ਗਿਆ ਸੀ। ਉਹਨਾਂ ਨੂੰ ਵੀ ਟਿਕਟ ਮੰਗਣ ਦਾ ਹੱਕ ਸੀ, ਪਰ ਟਿਕਟ ਦੇਣ ਦਾ ਫ਼ੈਸਲਾ ਪਾਰਟੀ ਨੇ ਕਰਨਾ ਹੁੰਦਾ ਹੈ।
ਹਰ ਇੱਕ ਨੂੰ ਟਿਕਟ ਮੰਗਣ ਦਾ ਅਧਿਕਾਰ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦਾ ਫ਼ੈਸਲਾ ਹੋਣ ਕਰਕੇ ਉਹਨਾਂ ਨੂੰ ਟਿਕਟ ਨਹੀਂ ਮਿਲੀ। ਪਾਰਟੀ ਵੱਡੀ ਹੁੰਦੀ ਹੈ, ਬੰਦਾ ਵੱਡਾ ਨਹੀਂ ਹੁੰਦਾ। ਹਰ ਇੱਕ ਦੀ ਇੱਛਾ ਪੂਰੀ ਨਹੀਂ ਹੁੰਦੀ, ਕਈ ਵਾਰ ਮੇਰੀ ਇੱਛਾ ਪੂਰੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਪਾਰਟੀ ਜੇਕਰ ਕੁੱਝ ਹੋਰ ਫ਼ੈਸਲਾ ਲੈਂਦੀ ਹੈ ਤਾਂ ਪਾਰਟੀ ਨਾਲ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੜੇ ਆਏ ਹਨ, ਜੋ ਕਹਿੰਦੇ ਸਨ ਮੈਂ ਆਏਂ ਕਰਦੂੰ। ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ। ਭਗਵੰਤ ਮਾਨ ਨੇ ਕਿਹਾ ਕਿ ਗੁਰਦੀਪ ਬਾਠ ਅਤੇ ਹੋਰ ਉਸ ਦੇ ਸਾਥੀ ਸਾਡੇ ਆਪਣੇ ਹੀ ਹਨ। ਗੁੱਸੇ ਵੀ ਆਪਣਿਆਂ ਨਾਲ ਹੀ ਹੋਇਆ ਜਾਂਦਾ ਹੈ।
ਬਰਨਾਲਾ ਜਿੱਤਦੀ ਆਈ ਹੈ ਆਪ
ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਿੱਚ ਟਿਕਟ ਨੂੰ ਲੈ ਕੇ ਕੋਈ ਲੜਾਈ ਨਹੀਂ ਹੈ, ਕਿਉਂਕਿ ਜਿੱਥੇ ਜਿੱਤਣ ਦੀ ਆਸ ਹੁੰਦੀ ਹੈ, ਉਥੇ ਹੀ ਲਈ ਲੜਾਈ ਹੁੰਦੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਬਰਨਾਲਾ ਜਿੱਤ ਰਹੀ ਹੈ। ਆਮ ਆਦਮੀ ਪਾਰਟੀ ਨੇ 2014, 2017, 2019, 2022 ਅਤੇ 2024 ਚੋਣਾਂ ਵਿੱਚ ਬਰਨਾਲਾ ਜਿੱਤਿਆ ਹੈ ਅਤੇ ਇਸ ਚੋਣ ਵਿੱਚ ਆਪ ਹੀ ਜਿੱਤੇਗੀ।