ਲੁਧਿਆਣਾ: ਅੱਜ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਪਾਏ ਗਏ। ਅੰਤਿਮ ਅਰਦਾਸ ਮੌਕੇ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਜਿਨ੍ਹਾਂ ਨੇ ਪਾਠ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਕਾਫੀ ਸਮਾਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਅਤੇ ਕੀਰਤਨ ਦਾ ਸਰਵਣ ਕੀਤਾ। ਉਨ੍ਹਾਂ ਕਿਹਾ ਕਿ ਪਾਤਰ ਸਾਬ੍ਹ ਦਾ ਜਾਣਾ ਬਹੁਤ ਵੱਡਾ ਘਾਟਾ ਹੈ।
ਇਸ ਸਦੀ ਦੇ ਮਹਾਨ ਲੇਖਕ ਸਨ ਪਾਤਰ ਸਾਬ੍ਹ : ਅੰਤਿਮ ਅਰਦਾਸ ਮੌਕੇ ਹੋਰ ਵੀ ਕਲਾ ਜਗਤ ਅਤੇ ਸਿਆਸੀ ਜਗਤ ਦੇ ਨਾਲ ਧਾਰਮਿਕ ਜਗਤ ਤੋਂ ਕਈ ਸ਼ਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਦੇ ਹੋਏ ਮਸ਼ਹੂਰ ਪੰਜਾਬੀ ਲੇਖਕ ਦੇਬੀ ਮਖਸੂਸਪੁਰੀ ਨੇ ਕਿਹਾ ਕਿ ਉਨ੍ਹਾਂ ਸੁਰਜੀਤ ਪਾਤਰ ਵੱਲੋਂ ਪੰਜਾਬੀ ਸਾਹਿਤ ਵਿੱਚ ਜੋ ਯੋਗਦਾਨ ਪਾਇਆ ਗਿਆ ਹੈ। ਉਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਇਸ ਸਦੀ ਦੇ ਮਹਾਨ ਕਵੀਆਂ ਵਿੱਚੋਂ ਇੱਕ ਸਨ। ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ, ਪਾਸ਼, ਹਰਭਜਨ ਸਿੰਘ ਅਤੇ ਅਜਿਹੇ ਪੰਜਾਬੀ ਦੇ ਮਹਾਨ ਕਵੀਆਂ ਦੀ ਲੀਗ ਵਿੱਚੋਂ ਸੁਰਜੀਤ ਪਾਤਰ ਇੱਕ ਸਨ, ਜੋ ਕਿ ਅੱਜ ਆਊਟ ਹੋ ਗਏ ਹਨ। ਉਨ੍ਹਾਂ ਦੀਆਂ ਲਿਖ਼ਤਾਂ ਨਾਲ ਉਨ੍ਹਾਂ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।
ਸਿਆਸਤਦਾਨਾਂ ਵਲੋਂ ਸ਼ਰਧਾਂਜਲੀ ਭੇਂਟ: ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਅਜਿਹੀ ਸ਼ਖਸ਼ੀਅਤ ਦਾ ਚਲੇ ਜਾਣਾ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਬਹੁਤ ਘਾਟੇ ਵਾਲੀ ਗੱਲ ਹੈ, ਜੋ ਕਦੇ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂ ਵੀ ਪਹੁੰਚੇ, ਜਿਨ੍ਹਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਨੇ ਕਿਹਾ ਕਿ ਸੁਰਜੀਤ ਪਾਤਰ ਸਾਡੇ ਪੰਜਾਬ ਦਾ ਪੁੱਤ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਪੰਜਾਬ ਲਈ ਬਹੁਤ ਵੱਡੀ ਸੇਵਾ ਕਰਕੇ ਗਏ ਹਨ, ਉਨ੍ਹਾਂ ਦੀਆਂ ਲਿਖਤਾਂ ਦੇ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਦਿਲ ਦਾ ਦੌਰਾ ਪੈਣ ਕਾਰਣ ਹੋਈ ਸੀ ਮੌਤ: ਸੁਰਜੀਤ ਪਾਤਰ ਦੀ ਸਵੇਰੇ 11 ਮਈ ਨੂੰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਨ੍ਹਾਂ ਦੀ ਉਮਰ ਲਗਭਗ 79 ਸਾਲ ਦੀ ਸੀ। ਉਨ੍ਹਾਂ ਨੇ ਆਖਰੀ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਦੇ ਵਿੱਚ ਹੀ ਲਏ। ਇਸ ਸਬੰਧੀ ਲੁਧਿਆਣਾ ਤੋਂ ਹੀ ਪੰਜਾਬੀ ਦੇ ਲੇਖਕ ਗੁਰਭਜਨ ਗਿੱਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਸੀ ਕਿ ਉਸ ਰਾਤ ਉਹਨਾਂ ਨੇ ਅੰਤਿਮ ਸਾਹ ਲਏ ਅਤੇ ਉਹ ਸੁੱਤੇ ਪਏ ਹੀ ਰਹਿ ਗਏ। ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਸੁਰਜੀਤ ਪਾਤਰ ਦੇ ਜਾਣ ਦਾ ਇੱਕ ਵੱਡਾ ਘਾਟਾ ਹੈ।