ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ, ਉਥੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਲੀਡਰਾਂ ਵੱਲੋਂ ਆਪੋਂ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਮਾਨਸਾ ਅਤੇ ਬੁੱਧਵਾਰ ਨੂੰ ਬਠਿੰਡਾ ਵਿਖੇ ਰੈਲੀ ਅਤੇ ਰੋਡ ਸ਼ੋਅ ਕਰਨਗੇ।
ਇੰਝ ਰਹੇਗਾ ਰੋਡ ਸ਼ੋਅ ਪਲਾਨ: ਇਹ ਜਾਣਕਾਰੀ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਾਂਝਾ ਕਰਦੇ ਹੋਏ ਦੱਸਿਆ ਕਿ 6 ਮਈ ਨੂੰ ਮਾਨਸਾ ਦੇ ਝੁਨੀਰ ਤੋਂ ਰੈਲੀ ਕੱਢ ਕੇ 7 ਮਈ ਨੂੰ ਬਠਿੰਡਾ ਵਿੱਚ ਰੋਡ ਸ਼ੋਅ ਕੀਤਾ ਜਾਵੇਗਾ। ਸਾਬਕਾ ਮੰਤਰੀ ਹਰਸਿਮਰਤ ਬਾਦਲ ਨੇ ਭਗਵੰਤ ਮਾਨ ਸਰਕਾਰ 'ਚ ਕੀਤੇ ਕੰਮਾਂ ਬਾਰੇ ਦੱਸਣ ਲਈ ਕਿਹਾ ਸੀ। ਇਸ ਦਾ ਜਵਾਬ ਦਿੰਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਿਲ ਵਿੱਚ ਹਾਰ ਦਾ ਡਰ ਹੈ, ਉਹ ਜ਼ਿਆਦਾਤਰ ਧਿਆਨ ਮੇਰੇ ਉੱਤੇ ਕੇਂਦ੍ਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਵੱਡੀ ਪੱਧਰ ਉੱਤੇ ਕੰਮ ਕਰਵਾਇਆ ਹੈ। ਪਿਛਲੇ ਦੋ ਸਾਲਾਂ ਵਿੱਚ ਕਿਸਾਨਾਂ ਨੂੰ ਜੋ ਲਾਭ ਦੇਣਾ ਸੀ ਉਹ ਦਿੱਤਾ ਹੈ।
ਲੋਕ ਮੈਨੂੰ ਜਾਣਦੇ ਹਨ, ਕਿਉਂਕਿ ਜਦੋਂ ਵੀ ਲੋੜ ਪਈ ਸਾਰੇ ਭਰਾਵਾਂ ਨਾਲ ਖੜ੍ਹਾ ਹੋਇਆ। ਕਿਸਾਨਾਂ ਨੂੰ ਸਬਸਿਡੀ ਦੇਣ ਦੀ ਗੱਲ ਹੋਵੇ, ਤਾਂ ਉਹ ਵੀ ਕਰਵਾਏ ਹਨ। ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਹਾਂ। ਮੈਨੂੰ ਨਹੀਂ ਪਤਾ ਹਰਸਿਮਰਤ ਬਾਦਲ ਕੀ ਚਾਹੁੰਦੇ ਹਨ। ਨਾਲੇ ਇਹ ਦੱਸ ਦੇਣ ਕਿ ਇਨ੍ਹਾਂ ਨੇ ਕੀ ਸੰਵਾਰਿਆਂ, ਅਸੀਂ ਤਾਂ ਬਹੁਤ ਕੁਝ ਸੰਵਾਰ ਦਿੱਤਾ ਹੈ।- ਗੁਰਮੀਤ ਸਿੰਘ ਖੁੱਡੀਆ, ਆਪ ਉਮੀਦਵਾਰ, ਬਠਿੰਡਾ
ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ: ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਹਰ ਸਿਆਸੀ ਪਾਰਟੀ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।