ਚੰਡੀਗੜ੍ਹ: ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਉਤੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਿੱਤੀ ਸਹਾਇਤਾ ਵਜੋਂ ਇੱਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ।
ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਾਫੀ ਗੱਲਾਂ ਸਾਂਝੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਇੱਕ ਮਤਾ ਪਾਸ ਕੀਤਾ ਜਾਵੇਗਾ ਕਿ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸ਼ੁਭਕਰਨ ਦੇ ਨਾਂਅ 'ਤੇ ਉਨ੍ਹਾਂ ਦੇ ਪਿੰਡ 'ਚ ਸਟੇਡੀਅਮ ਬਣਾਇਆ ਜਾਵੇਗਾ ਅਤੇ ਨਾਲ ਹੀ ਸ਼ੁਭਕਰਨ ਦੇ ਘਰ ਨੂੰ ਜਾਣ ਵਾਲੀ ਸੜਕ ਪੱਕੀ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਨਵੀਆਂ ਯੋਜਨਾਵਾਂ ਬਾਰੇ ਚਾਨਣਾ ਪਾਈ।
ਦੂਜੇ ਪਾਸੇ ਪਰਿਵਾਰ ਨੂੰ ਚੈੱਕ ਅਤੇ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅੰਨਦਾਤਿਆਂ ਦੀ ਭਲਾਈ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੇ ਸਰਹੱਦ ਵਿਖੇ ਗੋਲੀਬਾਰੀ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿਲ ਦਹਿਲਾਉਣ ਵਾਲੀ ਇਸ ਘਟਨਾ ਨੇ ਸਮੂਹ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਸ਼ਹਾਦਤ ਪਰਿਵਾਰ ਲਈ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ, ਜਿਸ ਦੀ ਕਿਸੇ ਵੀ ਕੀਮਤ ਉਤੇ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦੇਣਾ ਸੰਕਟ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਦਾ ਛੋਟਾ ਜਿਹਾ ਯਤਨ ਹੈ।
- ਪੰਜਾਬ ਭਾਜਪਾ ਨੇਤਾ ਨੂੰ ਫੋਨ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ 'ਤੇ ਲੱਗੇ ਗੰਭੀਰ ਦੋਸ਼ - Threat kill BJP leader Shwait Malik
- ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਸੰਬੰਧੀ ਕਿਸਾਨ ਜਥੇਬੰਦੀਆਂ ਦੀ ਡੀਸੀ ਅਤੇ NHAI ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ - Ladowal toll plaza
- ਬੀਐਸਐਫ ਅਤੇ ਪੁਲਿਸ ਹੱਥ ਲੱਗੀ ਸਫ਼ਲਤਾ, 2 ਡਰੋਨ ਅਤੇ 508 ਗ੍ਰਾਮ ਹੈਰੋਇਨ ਬਰਾਮਦ - recovered drones and grams heroin
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨ ਕਿਸਾਨ ਨੇ ਦੇਸ਼ ਦੇ ਕਿਸਾਨਾਂ ਦੀ ਖਾਤਰ ਵੱਡੀ ਕੁਰਬਾਨੀ ਦਿੱਤੀ ਹੈ, ਜਿਸ ਕਰਕੇ ਪਰਿਵਾਰ ਦੀ ਮਦਦ ਕਰਨਾ ਸਰਕਾਰ ਆਪਣਾ ਫਰਜ਼ ਸਮਝਦੀ ਹੈ।
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਭਾਰਤ ਅਨਾਜ ਪੱਖੋਂ ਆਤਮ ਨਿਰਭਰ ਮੁਲਕ ਬਣਿਆ, ਜਿਸ ਕਰਕੇ ਦੇਸ਼ਵਾਸੀ ਕਿਸਾਨਾਂ ਦੇ ਰਿਣੀ ਹਨ। ਉਨ੍ਹਾਂ ਨੇ ਦੁੱਖ ਜ਼ਾਹਰ ਕੀਤਾ ਕਿ ਆਪਣੇ ਸੀਮਤ ਕੁਦਰਤੀ ਵਸੀਲਿਆਂ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਨੇ ਦੇਸ਼ ਲਈ ਅਨਾਜ ਪੈਦਾ ਕਰਨ ਵਾਸਤੇ ਖੇਤਾਂ ਵਿੱਚ ਪਸੀਨਾ ਵਹਾਇਆ ਅਤੇ ਇੱਥੋਂ ਤੱਕ ਕਿ ਇਸ ਦੀ ਖਾਤਰ ਕਿਸਾਨਾਂ ਨੇ ਪਾਣੀ ਉਤੇ ਜਰਖੇਜ਼ ਮਿੱਟੀ ਨੂੰ ਵੀ ਦਾਅ ਉਤੇ ਲਾ ਦਿੱਤਾ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਔਖੀ ਘੜੀ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਾਂਹ ਫੜੀ ਜਾਵੇ ਅਤੇ ਸੂਬਾ ਸਰਕਾਰ ਇਸ ਸੰਬੰਧ ਵਿੱਚ ਸਿਰਤੋੜ ਯਤਨ ਕਰ ਰਹੀ ਹੈ।