ਹੈਦਰਾਬਾਦ ਡੈਸਕ: ਕੁਵੈਤ ਦੇ ਮੰਗਾਫ ਇਲਾਕੇ ਵਿੱਚ ਲੇਬਰ ਹਾਊਸਿੰਗ ਫੈਸਿਲਿਟੀ 'ਚ ਅੱਗ ਲੱਗਣ ਕਾਰਨ 40 ਭਾਰਤੀਆਂ ਦੀ ਜਾਨ ਜਾ ਚੁੱਕੀ ਹੈ। ਇਸ ਘਟਨਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਉਂਟ ਤੋਂ ਪੋਸਟ ਸ਼ੇਅਰ ਕਰਕੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਬੇਹਦ ਦੁਖਦਾਈ ਘਟਨਾ ਹੈ।
ਸੀਐਮ ਮਾਨ ਦਾ ਟਵੀਟ:-
ਕੁਵੈਤ ਦੇ ਮੰਗਾਫ ਖੇਤਰ ‘ਚ ਬਿਲਡਿੰਗ 'ਚ ਅੱਗ ਲੱਗਣ ਦੌਰਾਨ ਵਾਪਰੇ ਵੱਡੇ ਹਾਦਸੇ ਦੀ ਖ਼ਬਰ ਮਿਲੀ… ਜਿਸ ਵਿੱਚ ਭਾਰਤੀ ਮੂਲ ਦੇ ਮਜਦੂਰਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਨੇ… ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ…ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ 'ਚ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਵਿਦੇਸ਼ੀ ਮੰਤਰੀ ਵਲੋਂ ਗੱਲਬਾਤ: ਹਾਲਾਂਕਿ, ਇਸ ਘਟਨਾ ਤੋਂ ਬਾਅਦ ਵਿਦੇਸ਼ ਮੰਤਰੀ ਨੇ ਆਪਣੇ ਕੁਵੈਤੀ ਹਮਰੁਤਬਾ ਅਬਦੁੱਲਾ ਅਲੀ ਅਲ-ਯਾਹਿਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕੁਵੈਤ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਅੱਗ 'ਚ ਜਾਨ ਗਵਾਉਣ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਜਲਦ ਤੋਂ ਜਲਦ ਭਾਰਤ ਭੇਜੀਆਂ ਜਾਣ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਕਿਵੇਂ ਹੋਈ ਘਟਨਾ: ਜ਼ਿਕਰਯੋਗ ਹੈ ਕਿ ਕੁਵੈਤ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 40 ਭਾਰਤੀ ਮਜ਼ਦੂਰ ਦੱਸੇ ਜਾਂਦੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਸੋਈ ਵਿੱਚ ਰੱਖਿਆ ਇੱਕ ਸਿਲੰਡਰ ਫਟ ਗਿਆ ਸੀ। ਜਿਸ ਤੋਂ ਬਾਅਦ ਇਮਾਰਤ ਨੂੰ ਅੱਗ ਲੱਗ ਗਈ। ਕੁਵੈਤ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਮਾਰਤ ਵਿੱਚ 160 ਤੋਂ ਵੱਧ ਕਰਮਚਾਰੀ ਰਹਿ ਰਹੇ ਸਨ। ਇਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਸਨ।