ਸੰਗਰੂਰ: ਪੰਜਾਬ ਵਿੱਚ ਅੰਤਿਮ ਤੇ 7ਵੇਂ ਗੇੜ ਵਿੱਚ ਲੋਕ ਸਭਾ ਸੀਟਾਂ ਉੱਤੇ ਪੋਲਿੰਗ ਚੱਲ ਰਹੀ ਹੈ। ਇਸ ਮੌਕੇ ਆਮ ਜਨਤਾ ਸਣੇ ਸਿਆਸੀ ਲੀਡਰਾਂ ਵਲੋਂ ਸਮੇਂ ਸਿਰ ਆਪਣੀ ਵੋਟ ਭੁਗਤਾਈ ਜਾ ਰਹੀ ਹੈ। ਇਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਆਪਣੀ ਪਤਨੀ ਸਣੇ ਸੰਗਰੂਰ ਵਿਖੇ ਪੋਲਿੰਗ ਬੂਥ ਉੱਤੇ ਵੋਟ ਪਾਉਣ ਪਹੁੰਚੇ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਉਹ ਇੰਡੀ ਗਠਜੋੜ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਦੱਸ ਦਈਏ ਕਿ ਪੰਜਾਬ ਵਿੱਚ ਇੰਡੀ ਗਠਜੋੜ ਮਿਲ ਕੇ ਚੋਣ ਨਹੀਂ ਲੜ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖ-ਵੱਖ ਇੱਕਲੇ ਚੋਣ ਲੜ ਰਹੇ ਹਨ, ਜਦਕਿ ਹਰਿਆਣਾ ਤੇ ਦਿੱਲੀ ਵਿੱਚ ਆਪ-ਕਾਂਗਰਸ ਮਿਲ ਕੇ ਚੋਣ ਮੈਦਾਨ ਵਿੱਚ ਹੈ।
ਆਪਣੀ ਵੋਟ ਪਾਉਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ "ਮੈਂ ਔਰਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਬਾਹਰ ਆਉਣ ਅਤੇ ਵੋਟ ਪਾਉਣ। ਸਾਨੂੰ ਵੀ ਇੱਕ ਚੰਗੀ ਸਰਕਾਰ ਚੁਣਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਜੋ ਸਾਡੇ ਲਈ ਕੰਮ ਕਰ ਸਕੇ।"
ਵੋਟਿੰਗ 75% ਤੋਂ ਵੱਧ ਹੋਣ ਦੀ ਉਮੀਦ: ਸੀਐਮ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ, "ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸੰਵਿਧਾਨ ਵਿੱਚ ਵੋਟਿੰਗ ਦਾ ਮੁੱਲ ਮੇਰੇ ਲਈ ਅਤੇ ਆਮ ਲੋਕਾਂ ਲਈ ਬਰਾਬਰ ਹੈ, ਇਸ ਲਈ ਉਨ੍ਹਾਂ ਨੇ ਵੀ ਲਾਈਨ ਵਿੱਚ ਲਗ ਕੇ ਵੋਟ ਭੁਗਤਾਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੋਟਿੰਗ 75 ਫੀਸਦੀ ਤੋਂ ਵਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗਰਮੀ ਨਹੀਂ ਮੰਨਦੇ ਅਤੇ ਪੰਜਾਬੀ ਬਹੁਤ ਸਮਝਦਾਰ ਹਨ, ਆਪਣੀ ਵੋਟ ਦਾ ਇਸਤੇਮਾਲ ਸਮੇਂ ਸਿਰ ਕਰਨਗੇ। ਉਨ੍ਹਾਂ ਕਿਹਾ ਔਰਤਾਂ ਨੂੰ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।"
ਇੰਡੀ ਗਠਜੋੜ ਦੀ ਮੀਟਿੰਗ : 'ਇੰਡੀ' ਗਠਜੋੜ ਦੀ ਬੈਠਕ ਉਸੇ ਦਿਨ ਦਿੱਲੀ 'ਚ ਬੁਲਾਈ ਗਈ ਹੈ, ਜਦੋਂ 1 ਜੂਨ ਨੂੰ ਆਖਰੀ ਸੱਤਵੇਂ ਪੜਾਅ ਦੀ ਵੋਟਿੰਗ ਖ਼ਤਮ ਹੋ ਰਹੀ ਹੈ। ਇਸ ਬੈਠਕ ਵਿੱਚ ਸੀਐਮ ਭਗਵੰਤ ਮਾਨ ਵੀ ਸ਼ਾਮਲ ਹੋਣਗੇ। 'ਇੰਡੀ' ਗਠਜੋੜ ਦੀ ਪਹਿਲੀ ਬੈਠਕ ਪਿਛਲੇ ਸਾਲ 23 ਜੂਨ ਨੂੰ ਪਟਨਾ 'ਚ ਹੋਈ ਸੀ। ਇਸ ਤੋਂ ਬਾਅਦ, ਇਹ 17-18 ਜੁਲਾਈ 2023 ਨੂੰ ਬੈਂਗਲੁਰੂ ਅਤੇ ਫਿਰ 31 ਅਗਸਤ ਤੋਂ 1 ਸਤੰਬਰ ਦੇ ਵਿਚਕਾਰ ਮੁੰਬਈ ਵਿੱਚ ਹੋਇਆ। ਚੌਥੀ ਮੀਟਿੰਗ 19 ਦਸੰਬਰ ਨੂੰ ਦਿੱਲੀ ਵਿੱਚ ਹੋਈ। 18 ਮਾਰਚ ਨੂੰ ਮੁੰਬਈ ਵਿੱਚ ਰਾਹੁਲ ਗਾਂਧੀ ਦੀ ਨਿਆਯਾ ਯਾਤਰਾ ਦੀ ਸਮਾਪਤੀ ਰੈਲੀ ਵੀ ਰੱਖੀ ਗਈ ਸੀ।