ਅੰਮ੍ਰਿਤਸਰ: ਪੰਜਾਬ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੋਂ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ। ਇਹ ਮਾਮਲਾ ਪੰਚਾਇਤੀ ਚੋਣਾਂ ਵਿੱਚ ਵੋਟਾਂ ਕੱਟਣ ਦਾ ਹੈ। ਸਰਪੰਚੀ ਦੇ ਉਮੀਦਵਾਰ ਨੇ ਇਲਜ਼ਾਮ ਲਗਾਇਆ ਕਿ ਵੋਟਰ ਲਿਸਟ ਵਿੱਚ ਮਰੇ ਨੂੰ ਜਿਉਂਦਾ ਅਤੇ ਜਿਉਂਦਿਆ ਨੂੰ ਅਧਿਕਾਰੀ ਮਾਰ ਰਹੇ ਹਨ। ਇਸ ਨੂੰ ਲੈ ਕੇ ਕਿਸਾਨਾਂ ਨੇ ਬੀਡੀਪੀਓ ਨੂੰ ਘੇਰ ਲਿਆ। ਬੀਡੀਪੀਓ ਉੱਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਵੀ ਲੱਗੇ ਹਨ। ਕਿਸਾਨਾਂ ਨੇ ਕਿਹਾ ਕਿ ਬੀਡੀਪੀਓ ਸੱਤਾਧਾਰੀ ਧਿਰ ਦਾ ਪੱਖ ਪੂਰ ਰਹੇ ਹਨ।
ਬੀਡੀਪੀਓ ਦੇ ਨਾਲ ਤਿੱਖੀ ਤਕਰਾਰ
ਇਸ ਲੜੀ ਦੇ ਤਹਿਤ ਅੱਜ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਸਾਨਾਂ ਅਤੇ ਕੁਝ ਕੁ ਪਿੰਡ ਵਾਸੀਆਂ ਦੀ ਬੀਡੀਪੀਓ ਦੇ ਨਾਲ ਤਿੱਖੀ ਤਕਰਾਰ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਦੌਰਾਨ ਕਿਸਾਨਾਂ ਦੇ ਝੰਡੇ ਫੜੇ ਵਿਅਕਤੀਆਂ ਵੱਲੋਂ ਬੀਡੀਪੀਓ ਨੂੰ ਪਹਿਲਾਂ ਤਾਂ ਅੱਗੇ-ਅੱਗੇ ਭਜਾਇਆ ਗਿਆ ਅਤੇ ਬਾਅਦ ਵਿੱਚ ਕੰਪਲੈਕਸ ਦੇ ਇੱਕ ਦਫ਼ਤਰ ਵਿੱਚ ਬੈਠ ਕੇ ਤਿੱਖੇ ਸਵਾਲ ਜਵਾਬ ਕੀਤੇ ਗਏ। ਇਸ ਦੇ ਨਾਲ ਹੀ ਉਕਤ ਵਿਅਕਤੀਆਂ ਵੱਲੋਂ ਬੀਡੀਪੀਓ ਤਰਸਿੱਕਾ ਪ੍ਰਗਟ ਸਿੰਘ ਦੇ ਉੱਤੇ ਕਥਿਤ ਪੈਸੇ ਮੰਗਣ ਦੇ ਇਲਜ਼ਾਮ ਵੀ ਲਗਾਏ ਗਏ ਹਨ।
ਸੱਤਾਧਾਰੀ ਸਰਕਾਰ ਦੇ ਨਾਲ ਮਿਲ ਕੇ ਵੱਡੀ ਘਪਲੇਬਾਜ਼ੀ
ਇਸ ਦੇ ਨਾਲ ਹੀ ਪਿੰਡ ਕਾਲੇਕੇ ਦੇ ਵਾਸੀ ਸਤਨਾਮ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਵਾਰ ਜਾਰੀ ਕੀਤੀ ਗਈ ਨਵੀਂ ਵੋਟਰ ਲਿਸਟ ਦੇ ਵਿੱਚ ਉਨ੍ਹਾਂ ਦੇ ਪਿਤਾ ਦੀ ਵੋਟ ਬਣਾ ਦਿੱਤੀ ਗਈ ਹੈ ਜਦਕਿ ਉਹ ਮਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਖੁਦ ਜਿਉਂਦੇ ਖੜੇ ਹਨ ਤੇ ਉਨ੍ਹਾਂ ਦੀ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਸਤਨਾਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੱਤਾਧਾਰੀ ਸਰਕਾਰ ਦੇ ਨਾਲ ਮਿਲ ਕੇ ਵੱਡੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ, ਜੋ ਕਿ ਅਸੀਂ ਨਹੀਂ ਹੋਣ ਦੇਵਾਂਗੇ।। ਇਸ ਦੇ ਨਾਲ ਹੀ ਨਜ਼ਦੀਕੀ ਪਿੰਡ ਸਰਜਾ ਅਤੇ ਉਦੋ ਨੰਗਲ ਦੇ ਵਾਸੀਆਂ ਵੱਲੋਂ ਵੀ ਬੀਡੀਪੀਓ ਤਰਸਿੱਕਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਇਲਜ਼ਾਮ ਬੇਬੁਨਿਆਦ ਅਤੇ ਝੂਠੇ
ਉਕਤ ਸਾਰੇ ਇਲਜ਼ਾਮਾਂ ਦੇ ਉੱਤੇ ਬੋਲਦੇ ਹੋਏ ਬੀਡੀਪੀਓ ਤਰਸਿੱਕਾ ਪਰਗਟ ਸਿੰਘ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਸਾਰੇ ਦੇ ਸਾਰੇ ਇਲਜ਼ਾਮ ਬੇਬੁਨਿਆਦ ਅਤੇ ਝੂਠੇ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਕੋਲੋਂ ਕਿਸੇ ਤਰ੍ਹਾਂ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਹੈ। ਜਿੱਥੋਂ ਤੱਕ ਵੋਟਾਂ ਕੱਟਣ ਦਾ ਸਵਾਲ ਹੈ ਤਾਂ ਉਹ ਪੰਚਾਇਤ ਸਕੱਤਰ ਵੱਲੋਂ ਕੱਟੀਆਂ ਗਈਆਂ ਹੋਣਗੀਆਂ। ਜਿਸ ਦੀ ਜਾਂਚ ਕਰਨ ਤੋਂ ਬਾਅਦ ਉਕਤ ਮਾਮਲੇ ਦਾ ਹੱਲ ਕੀਤਾ ਜਾਵੇਗਾ।
- ਦਿੱਲੀ 'ਚ 5 ਅਕਤੂਬਰ ਤੱਕ ਧਾਰਾ 163 ਲਾਗੂ, ਤੁਸੀਂ ਨਹੀਂ ਕਰ ਸਕੋਗੇ ਇਹ ਕੰਮ - SECTION 163 IMPOSED IN DELHI
- ਮੁੱਖ ਮੰਤਰੀ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਇਹ ਸੇਵਾ ਗਾਹਕਾਂ ਲਈ ਸਾਬਿਤ ਹੋਵੇਗੀ ਵਰਦਾਨ, ਜਾਣਨ ਲਈ ਕਰੋ ਕਲਿੱਕ - punjab state cooperative bank start
- ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਜਾਣੋ ਇਸ ਵਾਰ ਡੀਏ 'ਚ ਹੋਵੇਗਾ ਕਿੰਨਾ ਵਾਧਾ ! - 7th pay commissio