ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਅੱਜ (ਸੋਮਵਾਰ 4 ਮਾਰਚ) ਨੂੰ ਹੋਈਆਂ। ਦੋਵਾਂ ਅਹੁਦਿਆਂ ਲਈ ਇੰਡਿਆ (ਆਪ-ਕਾਂਗਰਸ) ਗਠਜੋੜ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਰਿਹਾ ਅਤੇ ਇਸ ਦੌਰਾਨ ਭਾਜਪਾ ਦਾ ਦੋਹਾਂ ਸੀਟਾਂ ਉੱਤੇ ਕਾਬਜ਼ ਰਿਹਾ ਹੈ।
ਭਾਜਪਾ ਦੇ ਡਿਪਟੀ ਮੇਅਰ: ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਰਾਜਿੰਦਰ ਸ਼ਰਮਾ ਜੇਤੂ ਰਹੇ। ਉਨ੍ਹਾਂ ਨੇ ਇੰਡੀਆ ਅਲਾਇੰਸ (ਕਾਂਗਰਸ) ਦੀ ਉਮੀਦਵਾਰ ਨਿਰਮਲਾ ਦੇਵੀ ਨੂੰ ਹਰਾਇਆ। ਕੁੱਲ 36 ਵੋਟਾਂ ਪਈਆਂ ਜਿਸ ਚੋਂ ਭਾਜਪਾ ਨੂੰ 19 ਅਤੇ ਇੰਡੀਆ ਅਲਾਇੰਸ ਨੂੰ 17 ਵੋਟਾਂ ਪਈਆਂ।
ਭਾਜਪਾ ਦੇ ਸੀਨੀਅਰ ਡਿਪਟੀ ਮੇਅਰ : ਬੀਜੇਪੀ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ। ਉਨ੍ਹਾਂ ਨੂੰ 19 ਵੋਟਾਂ ਹਾਸਿਲ ਹੋਈਆਂ ਹਨ। ਆਪ-ਕਾਂਗਰਸ ਦੇ ਉਮੀਦਵਾਰ ਨੂੰ 16 ਵੋਟਾਂ ਮਿਲੀਆਂ, ਜਦਕਿ ਆਪ-ਕਾਂਗਰਸ ਦੀ ਇੱਕ ਵੋਟ ਇਨਵੈਲਿਡ ਕਰਾਰ ਕਰ ਦਿੱਤੀ ਗਈ। ਹੁਣ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ।
ਮੇਅਰ ਨੇ 28 ਫ਼ਰਵਰੀ ਨੂੰ ਅਹੁਦਾ ਸੰਭਾਲਿਆ: ਕਾਫੀ ਜੱਦੋ-ਜਹਿਦ ਤੋਂ ਬਾਅਦ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ ਕੁਲਦੀਪ ਕੁਮਾਰ ਨੇ 28 ਫ਼ਰਵਰੀ ਨੂੰ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਬਾਅਦ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਇੰਡਿਆ ਗਠਜੋੜ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਕੁਲਜੀਤ ਸੰਧੂ ਦਾ ਮੁਕਾਬਲਾ ਇੰਡਿਆ ਗਠਜੋੜ ਦੇ ਗੁਰਪ੍ਰੀਤ ਸਿੰਘ ਨਾਲ ਹੈ। ਡਿਪਟੀ ਮੇਅਰ ਦੇ ਅਹੁਦੇ ਦੀ ਗੱਲ ਕਰੀਏ, ਤਾਂ ਭਾਜਪਾ ਦੇ ਰਾਜਿੰਦਰ ਸ਼ਰਮਾ ਦਾ ਮੁਕਾਬਲਾ ਇੰਡਿਆ ਗਠਜੋੜ ਦੀ ਨਿਰਮਲਾ ਦੇਵੀ ਨਾਲ ਹੋਵੇਗਾ।
ਭਾਜਪਾ ਦਾ ਪੱਲਾ ਭਾਰੀ : ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ, ਤਾਂ ਭਾਜਪਾ ਦਾ ਪੱਲਾ ਭਾਰੀ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ 35 ਕੌਂਸਲਰ ਹਨ। ਇੱਥੇ 35 ਵੋਟਾਂ ਦੇ ਨਾਲ ਸੰਸਦ ਮੈਂਬਰ ਦੀ ਵੋਟ ਵੀ ਮੰਨੀ ਜਾਂਦੀ ਹੈ। 'ਆਪ' ਦੇ ਤਿੰਨ ਕੌਂਸਲਰ ਭਾਜਪਾ 'ਚ ਸ਼ਾਮਲ ਹੋ ਗਏ ਹਨ, ਜਿਸ ਤੋਂ ਬਾਅਦ ਭਾਜਪਾ ਕੋਲ ਬਹੁਮਤ ਦਾ ਅੰਕੜਾ ਹੈ। ਭਾਜਪਾ ਕੋਲ 17 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਮੇਤ 18 ਵੋਟਾਂ ਹਨ। ਨਿਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਵੀ ਹੈ ਜਿਸ ਨੇ ਭਾਜਪਾ ਨੂੰ ਵੋਟ ਪਾਈ ਸੀ। ਜਿੱਥੇ ਆਮ ਆਦਮੀ ਪਾਰਟੀ ਕੋਲ 10 ਕੌਂਸਲਰ ਹਨ, ਉਥੇ ਕਾਂਗਰਸ ਕੋਲ 7 ਕੌਂਸਲਰ ਹਨ। ਭਾਜਪਾ ਇਨ੍ਹਾਂ ਤਿੰਨਾਂ ਕੌਂਸਲਰਾਂ 'ਤੇ ਵਿਸ਼ੇਸ਼ ਨਜ਼ਰ ਰੱਖ ਰਹੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਦੁਬਾਰਾ ਪੱਖ ਨਾ ਬਦਲ ਲੈਣ, ਕਿਉਂਕਿ ਇੰਡਿਆ ਗਠਜੋੜ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
27 ਫ਼ਰਵਰੀ ਨੂੰ ਸੀ ਚੋਣ : ਇਸ ਤੋਂ ਪਹਿਲਾਂ, ਚੰਡੀਗੜ੍ਹ ਪ੍ਰਸ਼ਾਸਨ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ 27 ਫ਼ਰਵਰੀ ਦੀ ਤਰੀਕ ਤੈਅ ਕੀਤੀ ਸੀ, ਪਰ ਕੁਲਦੀਪ ਕੁਮਾਰ ਦੇ ਨਾ ਹੋਣ ਕਾਰਨ ਚੋਣ ਨਹੀਂ ਹੋ ਸਕੀ। ਇਸ ਦੇ ਨਾਲ ਹੀ ਹਾਈਕੋਰਟ ਨੇ ਚੋਣ ਨਾਮਜ਼ਦਗੀਆਂ ਮੁੜ ਭਰਨ ਦੇ ਹੁਕਮ ਦਿੱਤੇ, ਜਿਸ ਤਹਿਤ ਇਨ੍ਹਾਂ ਦੋਵਾਂ ਅਹੁਦਿਆਂ ਲਈ 4 ਮਾਰਚ ਨੂੰ ਚੋਣਾਂ ਹੋਣੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਚੰਡੀਗੜ੍ਹ ਨਿਗਮ ਚੋਣਾਂ ਦੌਰਾਨ ਕੀ ਸਿਆਸੀ ਮਾਹੌਲ ਬਣਿਆ ਰਹਿੰਦਾ ਹੈ।