ਲੁਧਿਆਣਾ: ਦੁਗਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੱਡੀ ਵਿੱਚ ਜਾ ਰਹੇ ਵਕੀਲ ਦਾ ਪਿੱਛਾ ਕਰ ਪੁਰਾਣੀ ਰੰਜਿਸ਼ ਦੇ ਚਲਦਿਆਂ ਫਾਇਰ ਕੀਤੇ ਗਏ। ਇਸ ਹਮਲੇ ਵਿੱਚ ਵਕੀਲ ਦੇ ਦੋ ਗੋਲੀਆਂ ਬਾਂਹ ਵਿੱਚ ਲੱਗੀਆਂ ਹਨ। ਜਿਸ ਤੋਂ ਬਾਅਦ ਜ਼ਖਮੀ ਹਾਲਤ 'ਚ ਉਸ ਨੂੰ ਲੁਧਿਆਣਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਹੋਏ ਵਕੀਲ ਦੀ ਸ਼ਨਾਖਤ ਸੁਖਮੀਤ ਸਿੰਘ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਦੇ ਜਿਲ੍ਹਾ ਅਦਾਲਤ ਵਿੱਚ ਹੀ ਪ੍ਰੈਕਟਿਸ ਕਰਦਾ ਹੈ। ਇਹ ਹਮਲਾ ਦੇਰ ਸ਼ਾਮ ਕੀਤਾ ਗਿਆ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ: ਉੱਥੇ ਹੀ ਮੌਕੇ 'ਤੇ ਪਹੁੰਚ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ। ਜਿਸ ਨੂੰ ਲੈ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਕੀਲ ਉੱਪਰ ਹਮਲੇ ਦੀ ਘਟਨਾ ਨੂੰ ਦੁਗਰੀ ਮਾਰਕੀਟ ਦੇ ਫੇਸ ਵਨ ਚੌਂਕ ਵਿੱਚ ਅੰਜਾਮ ਦਿੱਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕੀ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ।
ਵਕੀਲ ਨੇ ਖੁਦ ਕਰਵਾਈ ਐਫ਼.ਆਈ.ਆਰ.: ਏਸੀਪੀ ਨੇ ਦੱਸਿਆ ਕਿ ਜ਼ਖਮੀ ਵਕੀਲ ਖੁਦ ਹੀ ਉਹਨਾਂ ਕੋਲ ਰਿਪੋਰਟ ਲਿਖਾਉਣ ਲਈ ਪਹੁੰਚੇ ਸਨ । ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਡੀਐਮਸੀ ਹਸਪਤਾਲ ਭੇਜਿਆ ਗਿਆ । ਉਹਨਾਂ ਕਿਹਾ ਕਿ ਮੁੱਡਲੀ ਜਾਣਕਾਰੀ ਵਿੱਚ ਇਹ ਵੀ ਪਤਾ ਲੱਗ ਸਕਿਆ ਹੈ ਕਿ ਉਹਨਾਂ ਦਾ ਆਪਣੇ ਸਹੁਰੇ ਪਰਿਵਾਰ ਦੇ ਨਾਲ ਕੋਈ ਝਗੜਾ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਇਹ ਹਮਲਾ ਉਸਦੇ ਸਹੁਰੇ ਪਰਿਵਾਰ ਵੱਲੋਂ ਵੀ ਕਰਵਾਇਆ ਹੋ ਸਕਦਾ ਹੈ।ਜਿਸ ਨੂੰ ਲੈ ਕੇ ਪੁਲਿਸ ਡੂੰਘਾਈ ਨਾਲ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।