ਬਠਿੰਡਾ: ਅਕਸਰ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ ਪਰ ਪਿੰਡ ਸਰਾਵਾਂ ਦੇ ਬੀਟੈਕ ਮਕੈਨੀਕਲ ਅਤੇ ਐਮ.ਏ ਇੰਗਲਿਸ਼ ਪਾਸ ਨੌਜਵਾਨ ਗੁਰਭੇਜ ਸਿੰਘ ਵੱਲੋਂ ਇਸ ਕਥਨ ਨੂੰ ਝੂ੍ਠਾ ਸਾਬਤ ਕਰ ਦਿੱਤਾ ਗਿਆ। ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੜ੍ਹਾਈ ਪੂਰੀ ਕਰਨ ਤੋਂ ਉਪਰੰਤ ਪ੍ਰਾਈਵੇਟ ਨੌਕਰੀ ਕੀਤੀ ਗਈ ਪਰ ਉਹ ਨੌਕਰੀ ਤੋਂ ਸੰਤੁਸ਼ਟ ਨਹੀਂ ਸੀ ਕਿਉਂਕਿ ਹਰ ਸਮੇਂ ਪ੍ਰਾਈਵੇਟ ਸੈਕਟਰ ਦੇ ਵਿੱਚ ਟਾਰਗੇਟ ਪੂਰਾ ਕਰਨ ਲਈ ਪ੍ਰੈਸ਼ਰ ਪਾਇਆ ਜਾਂਦਾ ਸੀ। ਦੂਸਰੇ ਪਾਸੇ ਉਸ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਦੇ ਪਿਤਾ ਮੁਕੰਦ ਸਿੰਘ ਦੀ ਯਾਦ ਸਤਾਉਂਦੀ ਸੀ ਕਿ ਉਹ ਇਕੱਲੇ ਕਿੰਝ ਖੇਤੀਬਾੜੀ ਸੰਭਾਲਦੇ ਹੋਣਗੇ।
ਫਸਲੀ ਚੱਕਰ ਤੋਂ ਨਿਕਲ ਆਰਗੈਨਿਕ ਖੇਤੀ
ਇਸੇ ਦੇ ਚੱਲਦਿਆਂ ਉਸ ਵੱਲੋਂ ਆਪਣੀ ਨੌਕਰੀ ਛੱਡ ਪਿੰਡ ਆ ਕੇ ਖੇਤੀ ਕਰਨ ਦਾ ਮਨ ਬਣਾਇਆ ਗਿਆ। ਉਸ ਵੱਲੋਂ ਪਹਿਲਾਂ ਖੇਤੀ ਸਰਕਲ ਨੂੰ ਸਮਝਿਆ ਗਿਆ ਅਤੇ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਉਸ ਵੱਲੋਂ ਆਪਣੀ ਖੁਦ ਦੀ ਸਾਢੇ ਚਾਰ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰਨ ਦਾ ਫੈਸਲਾ ਕੀਤਾ ਗਿਆ। ਉਸ ਵਲੋਂ ਡੇਢ ਏਕੜ ਵਿੱਚ 100 ਦੇ ਕਰੀਬ ਫਲਦਾਰ ਬੂਟੇ ਲਗਾਏ ਗਏ ਅਤੇ ਇਸ ਦੇ ਨਾਲ ਹੀ ਫੁੱਲਾਂ ਦੀ ਖੇਤੀ ਕੀਤੀ ਗਈ। ਸਰੋਂ ਅਤੇ ਕਣਕ ਦਾ ਇੱਕ-ਇੱਕ ਏਕੜ ਲਗਾਇਆ ਗਿਆ।
ਘਰ ਆ ਕੇ ਲੋਕ ਲੈ ਜਾਂਦੇ ਫਲ, ਗੁੜ ਤੇ ਸ਼ੱਕਰ
ਉਥੇ ਹੀ ਕੁੱਲ 10 ਏਕੜ ਜ਼ਮੀਨ ਦੀ ਖੇਤੀ ਕਰ ਰਹੇ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਖੇਤ ਵਿੱਚ ਪੈਦਾ ਕੀਤੇ ਗਏ ਫਲ ਅਤੇ ਪੌਦੇ, ਜੋ ਆਰਗੈਨਿਕ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ। ਉਸ ਦੀ ਡਿਮਾਂਡ ਦੂਰ-ਦੂਰ ਤੱਕ ਹੈ ਅਤੇ ਹਾਲਾਤ ਇਹ ਹਨ ਕਿ ਲੋਕ ਉਸ ਕੋਲ ਅਡਵਾਂਸ ਬੁਕਿੰਗ ਲਈ ਆਉਂਦੇ ਹਨ। ਉਸ ਵੱਲੋਂ ਪੈਦਾ ਕੀਤੇ ਗਏ ਆਰਗੈਨਿਕ ਗੰਨੇ ਤੋਂ ਗੁੜ ਅਤੇ ਸ਼ੱਕਰ ਤਿਆਰ ਕੀਤੀ ਜਾਂਦੀ ਹੈ ਜੋ ਲੋਕ ਘਰ ਆ ਕੇ ਬਾਜ਼ਾਰ ਨਾਲੋਂ ਦੁਗਣੇ ਰੇਟ 'ਤੇ ਖਰੀਦ ਕੇ ਲਿਜਾਂਦੇ ਹਨ। ਇਸ ਤੋਂ ਇਲਾਵਾ ਉਸ ਦੇ ਬਾਗ ਵਿੱਚ ਇਸ ਰੁੱਤ ਵਿੱਚ ਲੱਗੇ ਅਮਰੂਦ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਪਾਰੀ ਖਰੀਦ ਕੇ ਲੈ ਕੇ ਜਾਂਦੇ ਰਹੇ ਹਨ। ਜਦੋਂ ਕਿ ਮਾਰਕੀਟ ਵਿੱਚ ਅਮਰੂਦ 70 ਤੋਂ 80 ਰੁਪਏ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਮਾਰਕੀਟਿੰਗ ਕੰਪਨੀਆਂ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਨਾ ਦੱਸ ਕੇ ਕਿਸਾਨਾਂ ਨੂੰ ਇਸ ਤੋਂ ਦੂਰ ਕੀਤਾ ਜਾ ਰਿਹਾ ਹੈ। ਜਦੋਂ ਕਿ ਅੱਜ ਦੇ ਸਮੇਂ ਵਿੱਚ ਖੇਤੀ ਤੋਂ ਵੱਧ ਕੋਈ ਲਾਹੇਵੰਦ ਧੰਦਾ ਨਹੀਂ ਹੈ।
ਖੁਦ ਕਿਸਾਨ ਕਰ ਰਹੇ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ
ਗੁਰਭੇਜ ਸਿੰਘ ਦੇ ਪਿਤਾ ਮਕੰਦ ਸਿੰਘ ਦਾ ਕਹਿਣਾ ਹੈ ਕਿ ਪੁਰਾਤਨ ਸਮੇਂ ਵਿੱਚ ਜੇਕਰ ਵਾਹੀ ਹੋਈ ਜਮੀਨ ਵਿੱਚ ਦੀ ਕੋਈ ਵਿਅਕਤੀ ਲੰਘ ਜਾਂਦਾ ਸੀ ਤਾਂ ਉਸ ਨੂੰ ਫਟਕਾਰ ਲਗਾਈ ਜਾਂਦੀ ਸੀ ਕਿ ਤੂੰ ਜ਼ਮੀਨ ਖਰਾਬ ਕਰ ਦਿੱਤੀ ਹੈ ਪਰ ਅੱਜ ਦੇ ਸਮੇਂ ਵਿੱਚ ਮਨੁੱਖ ਵੱਲੋਂ ਜਿੱਥੇ ਵੱਡੀ ਪੱਧਰ 'ਤੇ ਧਰਤੀ ਹੇਠਲੇ ਪਾਣੀ ਨੂੰ ਨੱਸ਼ਟ ਕੀਤਾ ਜਾ ਰਿਹਾ ਹੈ। ਉਥੇ ਹੀ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ। ਇਹ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਧਰਤੀ 'ਤੇ ਕੀਟਨਾਕਸ਼ਿਕ ਛਿੜਕ ਰਹੇ ਹਨ, ਉਹ ਕਿਸੇ ਨਾ ਕਿਸੇ ਹਾਲਾਤ ਵਿੱਚ ਮਨੁੱਖ ਦੇ ਸਰੀਰ ਵਿੱਚ ਦਾਖਲ ਹੋਣਗੇ ਅਤੇ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲਾਉਣਗੇ। ਸੋ ਅੱਜ ਕਿਸਾਨਾਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਧਰਤੀ ਅਤੇ ਪੌਣ ਪਾਣੀ ਨੂੰ ਬਚਾਉਣ ਲਈ ਆਰਗੈਨਿਕ ਖੇਤੀ ਵੱਲ ਪਰਤਣ।
- 'ਇਕ ਦੇਸ਼ ਇੱਕ ਚੋਣ' ਕੇਂਦਰ ਸਰਕਾਰ ਦਾ ਫੈਸਲਾ ਸਹੀ ਜਾਂ ਗਲਤ, ਸਮਾਜ ਸੇਵੀ ਨੇ ਕਿਹਾ- ਇਤਿਹਾਸ ਦੁਹਰਾਇਆ ਜਾਵੇਗਾ - One Nation One Election
- ਆਯੁਸ਼ਮਾਨ ਭਾਰਤ ਸਕੀਮ ਨੂੰ ਲੈਕੇ ਆਹਮੋ ਸਾਹਮਣੇ ਹੋਏ ਕੇਂਦਰ ਅਤੇ ਸੂਬਾ ਸਰਕਾਰ, ਵਿਰੋਧੀਆਂ ਨੇ ਚੁੱਕੇ ਸਵਾਲ; ਕਿਹਾ-ਕਿੱਥੇ ਨੇ ਸਿਹਤ ਸੁਵਿਧਾਵਾਂ - Ayushman Bharat Scheme
- ਕਿਸਾਨਾਂ ਨੂੰ ਖਾਦਾਂ ਨਾਲ ਹੋਰ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਚਾਰ ਟੀਮਾਂ ਗਠਿਤ: ਗੁਰਮੀਤ ਖੁੱਡੀਆਂ - Khudian meeting with farmers