ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਖਾਨਪੁਰ ਵਿੱਖੇ 15 ਤਾਰੀਕ ਨੂੰ ਪੰਚਾਇਤ ਚੋਣਾਂ ਦੀ ਵੋਟਿੰਗ ਦੌਰਾਨ ਵਿਵਾਦ ਹੋਇਆ ਸੀ ਜਿਸ ਤਹਿਤ ਤੀਜੇ ਦਿਨ 18 ਅਕਤੂਬਰ ਨੂੰ ਪਹੁੰਚੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਗੰਭੀਰ ਇਲਜ਼ਾਮ ਲਗਾਏ ਗਏ। ਉੱਥੇ ਹੀ ਉਨ੍ਹਾਂ ਨੇ ਆਪਣੇ ਫੇਸਬੁੱਕ 'ਤੇ ਲਾਈਵ ਦੌਰਾਨ ਉਨ੍ਹਾਂ ਨੇ ਗੜ੍ਹਸ਼ੰਕਰ ਦੇ ਪੱਤਰਕਾਰਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਦੇ ਰੋਸ ਵਜੋਂ ਅੱਜ ਗੜ੍ਹਸ਼ੰਕਰ ਵਿੱਖੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ।
ਬਸਪਾ ਦੇ ਪ੍ਰੋਗਰਾਮਾਂ ਦਾ ਬਾਈਕਾਟ
ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਹਿੱਸਾ ਲਿਆ ਹੈ। ਇਸ ਮੀਟਿੰਗ ਦੇ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਬਸਪਾ ਦੇ ਪ੍ਰੋਗਰਾਮਾਂ ਦਾ ਉਦੋਂ ਤੱਕ ਬਾਈਕਾਟ ਕੀਤਾ ਜਾਵੇਗਾ, ਜਦੋਂ ਤੱਕ ਬਸਪਾ ਪੰਜਾਬ ਪ੍ਰਧਾਨ ਜਨਤਕ ਤੌਰ 'ਤੇ ਮਾਫ਼ੀ ਨਹੀਂ ਮੰਗ ਲੈਂਦੇ।
ਲੋਕਾਂ ਵੱਲੋਂ ਕੀਤੀ ਗਈ ਸੀ ਪੱਥਰਬਾਜ਼ੀ
ਪੱਤਰਾਕਾਰਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਰਿਜ਼ਲਟ ਨੂੰ ਲੈ ਕੇ ਗੜ੍ਹਸ਼ੰਕਰ ਦੇ ਖ਼ਾਨਪੁਰ ਪਿੰਡ ਵਿੱਚ ਪੁਲਿਸ ਦਾ ਲਾਠੀਚਾਰਜ ਹੋਇਆ ਸੀ ਅਤੇ ਪੁਲਿਸ ਨੇ ਲੋਕਾਂ ਨੂੰ ਭਜਾਉਣ ਲਈ ਹਵਾਈ ਫਾਇਰ ਵੀ ਕੀਤੇ ਸਨ। ਦਰਅਸਲ ਮਾਮਲਾ ਇਹ ਸੀ ਕਿ ਲੋਕਾਂ ਵੱਲੋਂ ਪੋਲਿੰਗ ਬੂਥ ਦੇ ਬਾਹਰ ਹੰਗਾਮਾ ਕੀਤਾ ਗਿਆ ਸੀ। ਲੋਕਾਂ ਨੇ ਰਿਟਰਨਿੰਗ ਅਫਸਰ ਨੂੰ ਘੇਰਾ ਪਾ ਲਿਆ ਸੀ ਅਤੇ ਪੋਲਿੰਗ ਸਟਾਫ ਨੂੰ ਵੀ ਬਾਹਰ ਨਹੀਂ ਜਾਣ ਦੇ ਰਹੇ ਸੀ। ਇਸ ਘਟਨਾ ਦੌਰਾਨ ਲੋਕਾਂ ਵੱਲੋਂ ਪੱਥਰਬਾਜ਼ੀ ਵੀ ਕੀਤੀ ਗਈ ਸੀ।
ਗੁੱਸੇ ਵਿੱਚ ਲੋਕ ਗੱਡੀ ਦੇ ਅੱਗੇ ਲੰਮੇ ਪਏ
ਪੱਤਰਕਾਰਾਂ ਨੇ ਦੱਸਿਆ ਕਿ ਉਸ ਦਿਨ ਚੋਣਾਂ ਦੇ ਨਤੀਜਿਆਂ 'ਤੇ ਇਤਰਾਜ਼ ਕਰਦੇ ਹੋਏ ਚੋਣ ਹਾਰਨ ਵਾਲੇ ਗੁੱਟ ਵੱਲੋਂ ਚੋਣ ਅਮਲੇ ਅਤੇ ਉਨ੍ਹਾਂ ਨੂੰ ਲੈਣ ਗਈ ਪੁਲਿਸ ਪਾਰਟੀ ਨੂੰ ਜਬਰਨ ਰੋਕ ਲਿਆ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਉੱਥੇ ਪਹੁੰਚੇ ਚੋਣ ਅਧਿਕਾਰੀ ਐਸਡੀਐਮ ਗੜ੍ਹਸ਼ੰਕਰ ਹਰਬੰਸ ਸਿੰਘ ਨੇ ਲੋਕਾਂ ਨੂੰ ਸਮਝਾਇਆ ਵੀ ਸੀ ਅਤੇ ਜੇਤੂ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਗੁੱਸੇ ਵਿੱਚ ਆ ਕੇ ਲੋਕ ਉਨ੍ਹਾਂ ਦੀ ਗੱਡੀ ਦੇ ਅੱਗੇ ਲੰਮੇ ਪੈ ਗਏ ਅਤੇ ਉਨ੍ਹਾਂ ਨੂੰ ਬਲ ਪੂਰਵਕ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਹਲਕਾ ਲਾਠੀਚਾਰਜ ਕਰਨਾ ਪਿਆ ਸੀ। ਲੋਕਾਂ ਦੇ ਇਕੱਠ ਨੂੰ ਤਿੱਤਰ ਵਿਤਰ ਕਰਨ ਲਈ ਪੁਲਿਸ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਸਨ। ਜਦੋਂ ਪੋਲਿੰਗ ਪਾਰਟੀ ਅਤੇ ਐਸਡੀਐਮ ਗੜ੍ਹਸ਼ੰਕਰ ਨੂੰ ਵੱਡੀ ਮੁਸਤੈਦੀ ਨਾਲ ਬਾਹਰ ਕੱਢਿਆ ਤਾਂ ਉਨ੍ਹਾਂ ਵਲੋਂ ਪੁਲਿਸ ਪਾਰਟੀ ‘ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਸਨ।
ਪੱਤਰਾਕਾਰਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ
ਇਹ ਸਭ ਤੋਂ ਬਾਅਦ ਸਾਰੇ ਪੱਤਰਕਾਰਾਂ ਨੇ ਇਹ ਫੈਸਲਾ ਲਿਆ ਹੈ ਕਿ 21 ਅਕਤੂਬਰ ਨੂੰ ਬਸਪਾ ਨੇ ਪੁਲਿਸ ਥਾਣਾ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਹੋਈ ਹੈ, ਉਸ ਦਾ ਗੜ੍ਹਸ਼ੰਕਰ ਦੇ ਸਾਰੇ ਪੱਤਰਕਾਰਾਂ ਵੱਲੋਂ ਇਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ। ਇਹ ਵੀ ਕਿਹਾ ਕਿ ਖਬਰਾਂ ਓਨੀ ਦੇਰ ਤੱਕ ਨਹੀਂ ਲੱਗਣਗੀਆਂ ਜਿੰਨੀ ਦੇਰ ਤੱਕ ਜਸਵੀਰ ਸਿੰਘ ਗੜੀ ਪੱਤਰਾਕਾਰਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਮਾਫੀ ਨਹੀਂ ਮੰਗ ਲੈਂਦਾ। ਕਿਹਾ ਕਿ ਗੜ੍ਹਸ਼ੰਕਰ ਵਿੱਚ ਬਸਪਾ ਦਾ ਕੋਈ ਵੀ ਪ੍ਰੋਗਰਾਮ ਹੋਇਆ ਤਾਂ ਉਸ ਵਿੱਚ ਕੋਈ ਵੀ ਹਿੱਸਾ ਨਹੀਂ ਲਵੇਗਾ।