ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਭਗਤਪੁਰਾ ਮੌੜ 'ਚ ਸੱਸ ਨੂੰਹ ਦਾ ਰੌਲਾ ਪੁਲਿਸ ਥਾਣੇ ਪੁੱਜਿਆ। ਜਿਸ ਕਾਰਨ ਸੱਸ ਧਿਰ ਨਾਲ ਖੜ੍ਹੇ 35-40 ਲੋਕ ਵਾਟਰ ਵਰਕਸ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਜਦਕਿ ਦੂਜੇ ਪਾਸੇ ਨੂੰਹ ਆਪਣੇ ਪੁੱਤ ਨਾਲ ਅਨਾਜ ਮੰਡੀ 'ਚ ਲੱਗੇ ਬਿਜਲੀ ਦੇ ਟਾਵਰ 'ਤੇ ਚੜ੍ਹੀ ਗਈ। ਉਥੇ ਹੀ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ ਹੈ। ਕਾਬਿਲੇਗੌਰ ਹੈ ਕਿ ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿਖੇ ਦਿਨ ਚੜ੍ਹਦੇ ਹੀ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਜਦ ਨੂੰਹ ਸੱਸ ਦਾ ਕਲੇਸ਼ ਵਾਟਰ ਵਰਕਸ਼ ਦੀ ਟੈਂਕੀ 'ਤੇ ਜਾ ਪਹੁੰਚਿਆ।
ਪੁਲਿਸ 'ਤੇ ਲਾਏ ਧੱਕੇਸ਼ਾਹੀ ਦੇ ਦੋਸ਼
ਇਸ ਸਬੰਧੀ ਜਾਣਕਾਰੀ ਮੁਤਾਬਿਕ ਨੂੰਹ ਸੱਸ ਦੇ ਕਲੇਸ਼ 'ਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ। ਘਰੇਲੂ ਰੌਲੇ ਸਬੰਧੀ ਸ਼ਹਿਣਾ ਪੁਲਿਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਜਿਸ ਦੇ ਵਿਰੋਧ 'ਤੇ ਸੱਸ ਪੱਖ 'ਚ ਆਏ ਲੋਕ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਅਤੇ ਮੰਗ ਕੀਤੀ ਕਿ ਸੱਸ ਨਾਲ ਕੁੱਟਮਾਰ ਹੋਈ 'ਤੇ ਉਲਟਾ ਪੁਲਿਸ ਸਾਡੇ ਬੰਦਿਆਂ ਨੂੰ ਲੈ ਗਈ। ਜਦਕਿ ਸਾਡਾ ਦੋਹਾਂ ਧਿਰਾਂ ਦੇ ਰੌਲੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਸਿਆਸੀ ਬਦਲਾਖੋਰੀ 'ਚ ਸਾਨੂੰ ਇਸ ਮਾਮਲੇ ਨਾਲ ਜੋੜਿਆ ਗਿਆ ਤੇ ਸਾਨੂੰ ਥਾਣੇ ਲਿਜਾ ਜ਼ਲੀਲ ਕੀਤਾ ਗਿਆ। ਇਸ ਦੇ ਵਿਰੋਧ 'ਚ ਉਹ 35-40 ਲੋਕ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ। ਉਨ੍ਹਾਂ ਦਾ ਕਹਿਣਾ ਕਿ ਜਿੰਨਾ ਸਮਾਂ ਸਾਡੇ ਬੰਦੇ ਨੀਂ ਛੱਡੇ ਜਾਂਦੇ ਤੇ ਇਨਸਾਫ਼ ਨਹੀਂ ਮਿਲਦਾ ਅਸੀਂ ਹੇਠਾਂ ਨਹੀਂ ਆਵਾਂਗੇ।
ਦੂਜੀ ਧਿਰ ਨੇ ਵੀ ਮੰਗਿਆ ਇਨਸਾਫ਼
ਦੂਸਰੇ ਪਾਸੇ ਇਸ ਮਾਮਲੇ ਨੂੰ ਲੈਕੇ ਨੂੰਹ ਬਬਲੀ ਕੌਰ ਵੀ ਅਨਾਜ ਮੰਡੀ 'ਚ ਲੱਗੇ ਟਾਵਰ 'ਤੇ ਚੜ੍ਹ ਗਈ। ਉਸ ਨੇ ਆਖਿਆ ਕਿ ਸਾਡੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਸਾਡੇ ਖਿਲਾਫ਼ ਧੱਕੇਸ਼ਾਹੀ ਕਰਵਾਈ ਜਾ ਰਹੀ। ਸਾਡੇ ਨਾਲ ਕੁੱਟਮਾਰ ਵੀ ਹੋਈ ਹੈ। ਜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਅਸੀਂ ਵੀ ਹੇਠਾਂ ਨਹੀਂ ਉਤਰਾਂਗੇ।
ਪੁਲਿਸ ਵਲੋਂ ਮਾਮਲਾ ਨਿਬੇੜਨ ਦੇ ਯਤਨ
ਇਸ ਮੌਕੇ 'ਤੇ ਸ਼ਹਿਣਾ ਪੁਲਿਸ ਮੌਜੂਦ ਰਹੀ ਅਤੇ ਦੋਵੇੱ ਧਿਰਾਂ ਨੂੰ ਹੇਠਾਂ ਲਾਹੁਣ ਲਈ ਯਤਨ ਕਰਦੀ ਰਹੀ। ਇਸ ਮੌਕੇ ਐਸਐਚਓ ਸ਼ਹਿਣਾ ਨੇ ਆਖਿਆ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਤੇ ਸ਼ਾਮ ਨੂੰ ਥਾਣੇ ਸੱਦ ਕੇ ਨਿਬੇੜਾ ਕਰਵਾ ਦਿੱਤਾ ਜਾਵੇਗਾ।