ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਮਲੋਟ ਤੋਂ ਵਿਧਾਇਕ ਡਾਕਟਰ ਬਲਜੀਤ ਕੌਰ ਵੱਲੋਂ ਬੀਤੇ ਦਿਨੀਂ ਮਲੋਟ ਹਲਕੇ ਦੇ ਪਿੰਡ ਰੂਹੜਿਆਵਾਲੀ ਵਿਖੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਦੌਰਾਨ ਉਨ੍ਹਾਂ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਇੱਕ ਛੱਤ ਹੇਠ ਹੋਵੇ, ਇਸ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ, ਜਿਸ ਵਿੱਚ ਵੱਖ-ਵੱਖ ਵਿਭਾਗੀ ਅਧਿਕਾਰੀ ਪਹੁੰਚੇ ਹਨ।ਡਾ.ਬਲਜੀਤ ਕੌਰ ਨੇ ਕਿਹਾ ਕਿ ਅੱਜ ਮਲੋਟ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ ਅਤੇ ਸਾਰੇ ਸਾਡੇ ਅਫਸਰ ਵੀ ਇੱਥੇ ਪਹੁੰਚੇ ਨੇ ਤਾਂ ਕਿ ਉਹਨਾਂ ਦੇ ਜੋ ਪਿੰਡਾਂ ਦੇ ਸਾਂਝੇ ਮਸਲੇ ਹਨ ਜਾਂ ਕਿਸੇ ਦੇ ਨਿਜੀ ਤੌਰ 'ਤੇ ਮਸਲੇ ਹਨ, ਉਨ੍ਹਾਂ ਨੂੰ ਅਸੀਂ ਮੌਕੇ 'ਤੇ ਹੀ ਨਿਪਟਾ ਸਕੀਏ।
'ਪੰਜਾਬ ਵਿਰੋਧੀ ਹੈ ਭਾਜਪਾ'
ਇਸ ਮੌਕੇ ਦਿੱਲੀ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈਕੇ ਬੋਲਦੇ ਹੋਏ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਸਾਰੇ ਪੰਜਾਬ ਤੋਂ ਵੀ ਲੀਡਰ ਵਾਰੋ ਵਾਰੀ ਜਾ ਕੇ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਉੱਥੇ ਇੱਕ ਹਫਤਾ ਲਗਾ ਕੇ ਆਈ ਹਾਂ ਅਤੇ ਦੇਖਿਆ ਕਿ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗਰੀਬ ਪਰਿਵਾਰ ,ਮੱਧ ਵਰਗੀ ਪਰਿਵਾਰ ਜਾਂ ਹਰ ਖੇਤਰ ਵਿੱਚੋਂ ਸਰਵਿਸ ਕਰਦੇ ਲੋਕ ਹਨ, ਉਹ ਸਾਰੇ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਹਨ ਅਤੇ ਦੁਜੀਆਂ ਪਾਰਟੀਆਂ ਨੂੰ ਨਕਾਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਫਤਵਾ ਦੇਣਗੇ। ਦਿੱਲੀ ਦੇ ਭਾਜਪਾ ਆਗੂ ਵੱਲੋਂ ਪੰਜਾਬ ਦੀਆਂ ਗੱਡੀਆਂ ਸੰਬੰਧੀ ਦਿੱਤੇ ਬਿਆਨ ‘ਤੇ ਉਹਨਾਂ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਪੰਜਾਬੀ ਦੇਸ਼ ਲੱਗਦੇ ਹਨ।
ਪੰਜਾਬ ਦੀਆਂ ਗੱਡੀਆਂ ਤੋਂ ਡਰ!
26 ਜਨਵਰੀ ਦੇ ਮੱਦੇਨਜ਼ਰ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਪੰਜਾਬ ਦੀਆਂ ਗੱਡੀਆਂ ਦੇ ਉੱਤੇ ਰੱਖੀ ਜਾ ਰਹੀ ਨਜ਼ਰ ਬਾਰੇ ਬੋਲਦੇ ਹੋਏ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਗੱਡੀਆਂ 'ਤੇ ਭਾਜਪਾ ਨੂੰ ਡਰ ਪੈਦਾ ਹੋ ਰਿਹਾ ਹੈ। ਇਹ ਵੀ ਇੱਕ ਵੱਡਾ ਸਵਾਲ ਹੈ ਕਿ ਕੀ ਭਾਜਪਾ ਨੂੰ ਪੰਜਾਬੀ ਕਈ ਅੱਤਵਾਦੀ ਲੱਗਦੇ ਨੇ। ਪੰਜਾਬੀ ਉਹਨਾਂ ਨੂੰ ਦੇਸ਼ ਵਿਰੋਧੀ ਲੱਗਦੇ ਹਨ, ਜਿਹੜਾ ਉਨ੍ਹਾਂ ਦੀਆਂ ਗੱਡੀਆਂ ਦੇਖ ਕੇ ਇੰਨ੍ਹਾ ਖਤਰਾ ਪੈਦਾ ਹੋ ਰਿਹਾ ਹੈ।