ਬਰਨਾਲਾ: ਵਿਧਾਨ ਸਭਾ ਉਪ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਕਾਗਜ਼ ਭਰਨ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਵੱਡੇ ਕਾਫ਼ਲੇ ਨਾਲ ਆਪਣੇ ਘਰ ਤੋਂ ਰਵਾਨਾ ਹੋਏ। ਉਨ੍ਹਾਂ ਦੇ ਘਰ ਤੋਂ ਡੀਸੀ ਦਫ਼ਤਰ ਕੰਪਲੈਕਸ ਤੱਕ ਸੜਕ ਉਪਰ ਉੱਤਰੇ ਵੱਡੇ ਕਾਫ਼ਿਲੇ ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ 'ਤੇ ਮੋਹਰ ਲਗਾਈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ, ਮਨੋਰੰਜਨ ਕਾਲੀਆ ਅਤੇ ਜ਼ਿਲ੍ਹੇ ਦੀ ਭਾਜਪਾ ਲੀਡਰਸ਼ਿਪ ਮੌਜੂਦ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ।
ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ
ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਰੰਗਲੇ ਪੰਜਾਬ ਦਾ ਨਾਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕੰਗਲਾ ਬਣਾ ਕੇ ਛੱਡ ਦਿੱਤਾ ਹੈ। ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ। ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਮਜ਼ਦੂਰ ਆੜਤੀ ਅਤੇ ਸੈਲਰ ਮਾਲਕ ਪ੍ਰੇਸ਼ਾਨ ਹਨ। ਮੇਰੇ ਵੱਲੋਂ ਬਰਨਾਲਾ ਵਿੱਚ ਇੱਕ ਮਲਟੀ ਸਪੈਸ਼ਲਿਸਟ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਬਨਣ ਨਹੀਂ ਦਿੱਤਾ। ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਸਹੀ ਭੂਮਿਕਾ ਨਿਭਾਉਣ ਦੀ ਬਜਾਏ 'ਘਿਓ ਖਿਚੜੀ ਦੀ ਖੇਡ' ਖੇਡੀ ਜਾ ਰਹੀ ਹੈ।
ਪੱਛੜੇ ਇਲਾਕੇ ਦਾ ਵਿਕਾਸ ਸ਼ੁਰੂ ਕਰਵਾਇਆ
ਕੇਵਲ ਢਿੱਲੋਂ ਨੇ ਕਿਹਾ ਕਿ ਬਰਨਾਲਾ ਵਿਧਾਨ ਸਭਾ ਦੀ ਜਿੱਤ 2017 ਵਿੱਚ ਭਾਜਪਾ ਦੀ ਸਰਕਾਰ ਦੀ ਨੀਂਹ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਮੇਰਾ ਇੱਕੋ ਇੱਕ ਏਜੰਡਾ ਵਿਕਾਸ ਦਾ ਹੈ। ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਇਸ ਪੱਛੜੇ ਇਲਾਕੇ ਦਾ ਵਿਕਾਸ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰਿਆਣੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਮੁੜ ਸਰਕਾਰ ਬਣਾਈ, ਉਸੇ ਤਰ੍ਹਾਂ ਪੰਜਾਬ ਅਤੇ ਬਰਨਾਲਾ ਦੇ ਲੋਕਾਂ ਨੂੰ ਬੀਜੇਪੀ ਦਾ ਸਾਥ ਦੇ ਕੇ ਵਿਕਾਸ ਦੇ ਮਾਡਲ ਉੱਪਰ ਮੋਹਰ ਲਾਉਣੀ ਚਾਹੀਦੀ ਹੈ। ਇਸ ਮੌਕੇ ਕਰਨ ਢਿੱਲੋਂ, ਕੰਵਰ ਢਿੱਲੋਂ, ਯਾਦਵਿੰਦਰ ਸ਼ੰਟੀ, ਕੁਲਦੀਪ ਧਾਲੀਵਾਲ, ਰਜਿੰਦਰ ਉਪਲ, ਨਰਿੰਦਰ ਨੀਟਾ, ਪਰਮਜੀਤ ਚੀਮਾ, ਗੁਰਜੰਟ ਕਰਮਗੜ੍ਹ, ਮੱਖਣ ਸਿੰਘ ਧਨੌਲਾ, ਜੱਗਾ ਸਿੰਘ ਮਾਨ, ਬਲਜਿੰਦਰ ਸਿੰਘ, ਚੇਅਰਮੈਨ ਜੀਵਨ ਧਨੌਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਸ਼ਾਮਿਲ ਸਨ।