ਲੁਧਿਆਣਾ: ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਲਈ, ਜਿੱਥੇ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਰੋਡ ਸ਼ੋਅ ਕੀਤਾ ਗਿਆ। ਉੱਥੇ ਹੀ, ਉਨ੍ਹਾਂ ਵੱਲੋਂ ਆਪਣੀ ਪੁਸ਼ਤੈਨੀ ਕਾਰ ਦੀ ਵਰਤੋਂ ਕਰਕੇ ਨਾਮਜ਼ਦਗੀ ਪੱਤਰ ਭਰਿਆ ਜਾ ਰਿਹਾ ਹੈ। ਰਵਨੀਤ ਬਿੱਟੂ ਹਰ ਵਾਰ ਜਦੋਂ ਵੀ ਲੋਕ ਸਭਾ ਚੋਣਾਂ ਵਿੱਚ ਨਾਮਜ਼ਦਗੀ ਭਰਨ ਲਈ ਆਉਂਦੇ ਹਨ, ਤਾਂ ਉਹ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਅੰਬੈਸਡਰ ਕਾਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਉਂਦੇ ਹਨ, ਉਹ ਇਸ ਨੂੰ ਆਪਣੀ ਲੱਕੀ ਕਾਰ ਵੱਜੋਂ ਮੰਨਦੇ ਹਨ।
ਲੱਕੀ ਕਾਰ: ਰਵਨੀਤ ਬਿੱਟੂ ਦਾ ਮੰਨਣਾ ਹੈ ਕਿ ਜਦੋਂ ਵੀ ਇਹ ਕਾਰ ਵਿੱਚ ਉਹ ਨਾਮਜ਼ਦਗੀ ਪੱਤਰ ਭਰਨ ਲਈ ਆਉਂਦੇ ਹਨ, ਉਨ੍ਹਾਂ ਜੋ ਉਨ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਅਤੇ ਨਾਲ ਹੀ, ਇਸ ਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਉਮੀਦਾਂ ਹਨ, ਕਿਉਂਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਲਈ, ਉਨ੍ਹਾਂ ਦੇ ਦਾਦਾ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਅੱਗੇ ਇਹ ਜਿੰਮੇਵਾਰੀ ਹੁਣ ਉਨ੍ਹਾਂ ਦੇ ਮੋਢਿਆਂ ਉੱਤੇ ਹੈ।
ਪੁਸ਼ਤੈਨੀ ਕਾਰ: ਰਵਨੀਤ ਬਿੱਟੂ ਹੁਣ ਤੱਕ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਪਹਿਲੀ ਵਾਰ ਉਹ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ। ਉਸ ਤੋਂ ਬਾਅਦ ਲਗਾਤਾਰ ਦੋ ਵਾਰ ਸਾਲ 2014 ਤੋਂ ਲੈ ਕੇ 2019 ਵਿੱਚ ਵੀ ਰਵਨੀਤ ਬਿੱਟੂ ਕਾਂਗਰਸ ਦੀ ਟਿਕਟ ਤੋਂ ਮੈਂਬਰ ਪਾਰਲੀਮੈਂਟ ਜਿੱਤੇ। ਪਰ, ਇਸ ਵਾਰ ਉਨ੍ਹਾਂ ਵਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਤੇ ਹੁਣ ਭਾਜਪਾ ਦੀ ਟਿਕਟ ਤੋਂ ਉਹ ਲੁਧਿਆਣਾ ਤੋਂ ਉਮੀਦਵਾਰ ਹਨ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਉਨ੍ਹਾਂ ਵੱਲੋਂ ਇਹੀ ਕਾਰ ਅੱਜ ਵਰਤੀ ਗਈ ਹੈ।
ਬਿੱਟੂ ਦੀ ਇਹ ਪੁਰਾਣੀ ਪੁਸ਼ਤੈਨੀ ਕਾਰ ਹੈ, ਹਾਲਾਂਕਿ ਕਾਰ ਕਾਫੀ ਪੁਰਾਣਾ ਮਾਡਲ ਹੈ, ਪਰ ਇਸ ਦੇ ਬਾਵਜੂਦ ਰਵਨੀਤ ਬਿੱਟੂ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਹਰ ਵਾਰ ਲੋਕ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਇਸ ਕਾਰ ਦੀ ਇਸਤੇਮਾਲ ਕਰਦੇ ਹਨ।