ਚੰਡੀਗੜ੍ਹ: ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ। ਸੰਜੇ ਟੰਡਨ ਲੰਬੇ ਸਮੇਂ ਤੋਂ ਚੰਡੀਗੜ੍ਹ ਭਾਜਪਾ ਨਾਲ ਜੁੜੇ ਹੋਏ ਹਨ। ਉਹ ਭਾਜਪਾ ਆਗੂ ਲਾਲਜੀ ਟੰਡਨ ਦਾ ਪੁੱਤਰ ਹਨ। ਦੱਸ ਦੇਈਏ ਕਿ ਲਾਲਜੀ ਟੰਡਨ ਪੰਜਾਬ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਰਾਜਪਾਲ ਵੀ ਰਹਿ ਚੁੱਕੇ ਹਨ।
ਲੋਕਲ ਚਿਹਰੇ ਨੂੰ ਮੌਕਾ : ਭਾਜਪਾ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇੱਥੋਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਫਿਲਹਾਲ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਗਈ ਹੈ। ਚੰਡੀਗੜ੍ਹ 'ਚ 10 ਸਾਲ ਬਾਅਦ ਭਾਜਪਾ ਨੇ ਸਥਾਨਕ ਚਿਹਰੇ 'ਤੇ ਬਾਜ਼ੀ ਮਾਰੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਤਿੰਨ ਸਥਾਨਕ ਆਗੂਆਂ ਦੇ ਨਾਂ ਸੁਰਖੀਆਂ ਵਿੱਚ ਸਨ। ਇਸ ਵਿੱਚ ਸੱਤਿਆਪਾਲ ਜੈਨ ਦੇ ਨਾਲ ਸੰਜੇ ਟੰਡਨ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਰੁਣ ਸੂਦ ਦੇ ਨਾਂ ਸ਼ਾਮਲ ਸਨ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਕਈ ਸਟਾਰ ਉਮੀਦਵਾਰਾਂ ਦੇ ਨਾਂ ਵੀ ਸਾਹਮਣੇ ਆਏ ਸਨ।
2 ਵਾਰ ਐਮ.ਪੀ. ਰਹੇ ਕਿਰਨ ਖੇਰ : ਬਾਲੀਵੁੱਡ ਸਟਾਰ ਕਿਰਨ ਖੇਰ ਪਿਛਲੇ ਦੋ ਵਾਰ ਚੰਡੀਗੜ੍ਹ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। 2019 ਵਿੱਚ ਉਨ੍ਹਾਂ ਨੂੰ 2 ਲੱਖ ਤੋਂ ਵੱਧ ਵੋਟਾਂ ਮਿਲੀਆਂ। ਇਸ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਹਰਾਇਆ। ਇਸ ਤੋਂ ਪਹਿਲਾਂ 2014 'ਚ ਉਹ ਲਗਭਗ 1.91 ਲੱਖ ਵੋਟਾਂ ਨਾਲ ਜਿੱਤੀ ਸੀ। ਇਸ ਵਾਰ ਵੀ ਉਨ੍ਹਾਂ ਨੇ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਪਵਨ ਕੁਮਾਰ ਬਾਂਸਲ ਨੂੰ ਹਰਾਇਆ ਸੀ।
ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ:-
- ਮੈਨਪੁਰੀ ਤੋਂ ਜੈਵੀਰ ਸਿੰਘ ਠਾਕੁਰ
- ਕੌਸ਼ਾਂਬੀ (SC) ਤੋਂ ਵਿਨੋਦ ਸੋਨਕਰ
- ਫੁਲਪੁਰ ਤੋਂ ਪ੍ਰਵੀਣ ਪਟੇਲ
- ਇਲਾਹਾਬਾਦ ਤੋਂ ਨੀਰਜ ਤ੍ਰਿਪਾਠੀ
- ਬਲਿਆ ਤੋਂ ਨੀਰਜ ਸ਼ੇਖਰ
- ਮਛਲੀਸ਼ਹਿਰ (SC) ਤੋਂ ਬੀ.ਪੀ. ਸਰੋਜ
- ਗਾਜੀਪੁਰ ਤੋਂ ਪਾਰਸ ਨਾਥ ਰਾਏ
ਪੱਛਮੀ ਬੰਗਾਲ ਵਿਖੇ ਆਸਨਸੋਲ ਲੋਕ ਸਭਾ ਸੀਟ ਤੋਂ ਐਸ. ਐਸ. ਆਹਲੂਵਾਲੀਆ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ।