ਅੰਮ੍ਰਿਤਸਰ: ਆਲ ਇੰਡੀਆ ਕਾਂਗਰਸ ਕਮੇਟੀ ਅਤੇ ਆਮ ਆਦਮੀ ਪਾਰਟੀ 'ਚ ਹੋਏ ਗਠਜੋੜ ਨੂੰ ਲੈ ਕੇ ਹੁਣ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਸਵਾਲ ਪੁੱਛੇ ਜਾ ਰਹੇ ਹਨ । ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਤੰਜ ਭਰੇ ਅੰਦਾਜ਼ 'ਚ ਪਹਿਲਾਂ ਦੋਵਾਂ ਪਾਰਟੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਸ ਤੋਂ ਬਾਅਦ ਜੰਮ ਕੇ ਦੋਵਾਂ ਪਾਰਟੀਆਂ 'ਤੇ ਨਿਸ਼ਾਨੇ ਲਗਾਏ ਗਏ।
ਮਜੀਠੀਆ ਦੇ ਸਵਾਲ: ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਤੰਜ ਕਸਦੇ ਹੋਏ ਕਿਹਾ ਕਿ ਹੁਣ ਕਿਸ ਤਰ੍ਹਾਂ ਕਾਂਗਰਸੀ ਆਮ ਆਦਮੀ ਪਾਰਟੀ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਪੰਜਾਬ ਦੇ ਪੈਸੇ ਦੀ ਲੁੱਟ ਦੀ ਵੀ ਕਿਸ ਤਰ੍ਹਾਂ ਸੂਚੀ ਲੈਣਗੇ ਕਿਉਂਕਿ ਹੁਣ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਖੁੱਲ ਕੇ ਗੱਠਜੋੜ ਸਾਹਮਣੇ ਆ ਚੁੱਕਾ ਹੈ।
ਕੀ ਅਕਾਲੀਆਂ ਦਾ ਹੋਵੇਗਾ ਗਠਜੋੜ: ਉੱਥੇ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਖੁਦ ਹੀ ਗਠਜੋੜ ਦਾ ਐਲਾਨ ਕੀਤਾ ਗਿਆ ਹੈ। ਇੱਥੇ ਦੱਸਣ ਯੋਗ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਗਠਜੋੜ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਸਾਰੀ ਸਿਆਸੀ ਪਾਰਟੀਆਂ ਦੇ ਵਿੱਚ ਹੜਕਮ ਵੱਜਦਾ ਹੋਇਆ ਨਜ਼ਰ ਆ ਰਿਹਾ ਹੈ।
ਹਾਲਾਂਕਿ ਇਸ ਗਠਜੋੜ ਦਾ ਪੰਜਾਬ ਵਿੱਚ ਕੋਈ ਵੀ ਅਸਰ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਫ ਕਹਿ ਦਿੱਤਾ ਹੈ ਕਿ ਉਹ ਪੰਜਾਬ ਦੇ ਵਿੱਚ ਆਹਮੋ-ਸਾਹਮਣੇ ਨਜ਼ਰ ਆਉਣਗੇ । ਉਥੇ ਹੀ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਦੋਨਾਂ ਪਾਰਟੀਆਂ ਦੇ ਉੱਤੇ ਤੰਜ ਕੱਸੇ ਗਏ ਅਤੇ ਦੋਨਾਂ ਨੂੰ ਸਵਾਲ ਕੀਤੇ ਗਏ ਕਿ ਉਹ ਇੱਕ ਦੂਜੇ ਦੇ ਖਿਲਾਫ ਹੁਣ ਕਿਸ ਤਰ੍ਹਾਂ ਆਵਾਜ਼ ਚੁੱਕਣਗੇ। ਉਥੇ ਹੀ ਹੁਣ ਵੇਖਣਾ ਹੋਵੇਗਾ ਕਿ ਬਾਕੀ ਸੂਬਿਆਂ ਦੇ ਵਿੱਚ ਹੋਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਤੋਂ ਬਾਅਦ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਅਸਰ ਦੋਨਾਂ ਪਾਰਟੀਆਂ ਵਿੱਚ ਵੇਖਣ ਨੂੰ ਮਿਲੇਗਾ ਅਤੇ ਦੋਵੇਂ ਪਾਰਟੀਆਂ ਇੱਕ ਦੂਜੇ ਵਿੱਚ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਹਨ।