ਲੁਧਿਆਣਾ: ਬੀਤੇ ਦਿਨ ਪੰਜਾਬ ਕੈਬਨਿਟ ਵਿੱਚ ਵੱਡੇ ਫੈਸਲੇ ਲੈ ਗਏ। ਜਿਸ ਵਿੱਚ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਮੁਆਫੀ ਅਤੇ ਹੋਰ ਰਿਆਇਤਾਂ ਤੋਂ ਇਲਾਵਾ ਪੰਜਾਬ ਵਿੱਚ ਟਰਾਂਸਪੋਰਟਰਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਰਜਿਸਟਰਡ ਟੂਰਿਸਟ ਵਾਹਨਾਂ ਉੱਪਰ ਮੋਟਰ ਵਹੀਕਲ ਟੈਕਸ ਵਿੱਚ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਟੈਂਪੂ ਟਰੈਵਲ ਜਾਂ ਫਿਰ ਮਿਨੀ ਬੱਸ ਚਲਾਉਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।
ਮਹਿਕਮੇ ਨਾਲ ਸੰਬੰਧਿਤ ਅਧਿਕਾਰੀਆਂ ਦੀ ਵੀ ਤਰੀਫ: ਬੇਸ਼ੱਕ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਟੈਕਸੀ ਚਾਲਕ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਸਨ ਪਰ ਬੀਤੇ ਦਿਨ ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ ਉੱਪਰ ਖੁਸ਼ੀ ਨਜ਼ਰ ਆਈ ਹੈ। ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਮਹਿਕਮੇ ਨਾਲ ਸੰਬੰਧਿਤ ਅਧਿਕਾਰੀਆਂ ਦੀ ਵੀ ਤਾਰੀਫ ਕੀਤੀ ਕਿ ਲੰਬੇ ਸਮੇਂ ਤੋਂ ਅੜਕ ਰਹੇ ਮੁੱਦੇ ਨੂੰ ਸਰਕਾਰ ਅੱਗੇ ਸਹੀ ਢੰਗ ਨਾਲ ਰੱਖਿਆ ਜਿਸ ਦੇ ਨਾਲ ਉਸਦਾ ਹੱਲ ਹੋ ਸਕਿਆ।
ਮਸਲੇ ਨੂੰ ਸਹੀ ਤਰੀਕੇ ਨਾਲ ਸਰਕਾਰ ਅੱਗੇ ਰੱਖਿਆ: ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਨੇ ਕਿਹਾ ਕੀ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਰ ਹੁਣ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਨੂੰ ਲੈ ਕੇ ਉਹ ਪੰਜਾਬ ਸਰਕਾਰ ਦਾ ਅਤੇ ਸੰਬੰਧਿਤ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਸਰਕਾਰ ਦੇ ਅੱਗੇ ਰੱਖਿਆ।
ਸਰਕਾਰ ਨੂੰ ਵੀ ਸਲਾਨਾ ਕਰੋੜਾਂ ਦਾ ਫਾਇਦਾ : ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਟੈਕਸੀ ਚਾਲਕਾਂ ਜਾਂ ਫਿਰ ਟਰਾਂਸਪੋਰਟਰਾਂ ਨੂੰ ਤਾਂ ਵੱਡਾ ਫਾਇਦਾ ਹੋਵੇਗਾ ਪਰ ਸਰਕਾਰ ਨੂੰ ਵੀ ਸਲਾਨਾ ਕਰੋੜਾਂ ਦਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪੰਜਾਬੀ ਹੋਣ ਦੇ ਨਾਤੇ ਪੰਜਾਬ ਚੋਂ ਗੱਡੀ ਖਰੀਦੇ ਸਨ ਪਰ ਜਦੋਂ ਗੱਡੀ ਦੀ ਰਜਿਸਟਰੇਸ਼ਨ ਕਰਵਾਉਣ ਵੇਲੇ ਉਨ੍ਹਾਂ ਨੂੰ 7000 ਤੋ ਜਿਆਦਾ ਹਰੇਕ ਸੀਟ ਦਾ 13 ਪਲੱਸ ਸੀਟਾਂ ਵਿੱਚ ਦੇਣਾ ਪੈਂਦਾ ਸੀ ਤਾਂ ਉਹ ਮਜਬੂਰਨ ਹਰਿਆਣਾ ਜਾਂ ਫਿਰ ਚੰਡੀਗੜ੍ਹ ਤੋਂ ਰਜਿਸਟਰਡ ਕਰਵਾਉਂਦੇ ਸਨ। ਜਿਸ ਨਾਲ ਜੀਐਸਟੀ ਦਾ ਵੱਡਾ ਹਿੱਸਾ ਦੂਜੀਆਂ ਸਟੇਟਾਂ ਨੂੰ ਜਾਂਦਾ ਸੀ।
ਟੈਕਸੀ ਚਾਲਕ ਵੀ ਖੁਸ਼ਹਾਲ ਹੋਣਗੇ: ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਪੰਜਾਬ ਸਰਕਾਰ ਦਾ ਮਾਲੀਆ ਤਾਂ ਵਧੇਗਾ ਹੀ ਪਰ ਟੈਕਸੀ ਚਾਲਕਾਂ ਨੂੰ ਵੀ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਵਿੱਚ ਗੱਡੀ ਰਜਿਸਟਰ ਕਰਾਉਣ ਤੋਂ ਬਾਅਦ ਵਿੱਚ ਪਾਸਿੰਗ ਕਰਵਾਉਣੀ ਪੈਂਦੀ ਸੀ। ਜਿਸ ਦੇ ਲਈ 80 ਹਜਾਰ ਰੁਪਆ ਦੇਣਾ ਪੈਂਦਾ ਸੀ ਪਰ ਉਨ੍ਹਾਂ ਦੇ ਗੇੜੇ ਬਹੁਤ ਘੱਟ ਹੁੰਦੇ ਸਨ। ਪੰਜਾਬ ਦੀਆਂ ਟੈਕਸੀਆਂ ਜਿਆਦਾਤਰ ਦਿੱਲੀ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਗੇੜੇ ਦੀ ਸਿਰਫ 800 ਤੋਂ 1000 ਤੱਕ ਪਰਚੀ ਹੈ। ਇਸ ਦੇ ਨਾਲ ਟੈਕਸੀ ਚਾਲਕ ਵੀ ਖੁਸ਼ਹਾਲ ਹੋਣਗੇ ਅਤੇ ਉਨ੍ਹਾਂ ਨੇ ਜਿੱਥੇ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਕੁਝ ਮੰਗਾਂ ਬਾਕੀ ਹਨ। ਉਨ੍ਹਾਂ ਵੱਲ ਵੀ ਸਰਕਾਰ ਧਿਆਨ ਦੇਵੇ ਜਿਸ ਦੇ ਨਾਲ ਟੈਕਸੀ ਚਾਲਕਾਂ ਦੀ ਜ਼ਿੰਦਗੀ ਹੋਰ ਖੁਸ਼ਹਾਲ ਬਣ ਸਕਦੀ ਹੈ।