ਅੰਮ੍ਰਿਤਸਰ: 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀਆਂ ਸਨ। ਸੰਗਤਾਂ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਜਾ ਰਿਹਾ ਸੀ ਅਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾ ਰਿਹਾ ਸੀ।
ਆਤਿਸ਼ਬਾਜ਼ੀ ਦਾ ਸੁੰਦਰ ਨਜ਼ਾਰਾ: ਸ਼ਾਮ ਦੇ ਵੇਲੇ ਸੰਗਤਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁੰਦਰ ਦੀਪਮਾਲਾ ਵੀ ਕੀਤੀ ਗਈ ਅਤੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਸੰਗਤਾਂ ਤੇ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਸੁੰਦਰ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ। ਇਹ ਆਤਿਸ਼ਬਾਜ਼ੀ ਦੇਖਣ ਵਾਸਤੇ ਸੰਗਤਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੀਆਂ ਅਤੇ ਸੰਗਤਾਂ ਵੱਲੋਂ ਇਹਨਾਂ ਸੁੰਦਰ ਪਲਾਂ ਨੂੰ ਆਪਣੇ ਮੋਬਾਇਲ ਫੋਨਾਂ ਦੇ ਵਿੱਚ ਵੀ ਕੈਦ ਕੀਤਾ ਗਿਆ।
ਸੰਗਤਾਂ ਨੇ ਕੈਮਰੇ 'ਚ ਕੈਦ ਕੀਤੀਆਂ ਤਸਵੀਰਾਂ: ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਵਿਸਾਖੀ ਮੌਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਤੇ ਉਹਨਾਂ ਨੇ ਆਤਿਸ਼ਬਾਜ਼ੀ ਦਾ ਸੁੰਦਰ ਨਜ਼ਾਰਾ ਦੇਖਿਆ। ਉਹਨਾਂ ਕਿਹਾ ਕਿ ਅਜਿਹਾ ਸੁੰਦਰ ਨਜ਼ਾਰਾ ਹੋਰ ਕਿਸੇ ਵੀ ਧਾਰਮਿਕ ਸਥਾਨ ਤੇ ਉਨ੍ਹਾਂ ਨੇ ਕਦੇ ਨਹੀਂ ਦੇਖਿਆ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਮੀਂਹ ਵੀ ਹੋ ਰਿਹਾ ਸੀ ਲੇਕਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਰਿਕਰਮਾ ਦੇ ਵਿੱਚ ਬੈਠ ਕੇ ਆਤਿਸ਼ਬਾਜ਼ੀ ਦਾ ਸੁੰਦਰ ਨਜ਼ਾਰਾ ਦੇਖ ਰਹੇ ਸਨ।