ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੱਖੋਵਾਲ, ਲੁਧਿਆਣਾ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਗੁਰਮੁਖ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਨੇ ਦੱਸਿਆ ਕਿ ਉਕਤ ਪੰਚਾਇਤ ਅਫ਼ਸਰ ਨੂੰ ਬਲਾਕ ਪੱਖੋਵਾਲ, ਲੁਧਿਆਣਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਪਰਮਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਨਖਾਹ ਜਾਰੀ ਕਰਨ ਬਦਲੇ ਉਨ੍ਹਾਂ ਤੋਂ 35000 ਰੁਪਏ ਰਿਸ਼ਵਤ ਮੰਗ: ਐਸ ਐਸ ਪੀ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਇਲਜ਼ਾਮ ਲਾਇਆ ਕਿ ਉਕਤ ਅਧਿਕਾਰੀ ਉਸ ਦੀ ਅਤੇ ਇਸ ਦਫ਼ਤਰ ਵਿੱਚ ਕੰਮ ਕਰਦੇ ਤਿੰਨ ਹੋਰ ਪੰਚਾਇਤ ਸਕੱਤਰਾਂ ਦੀ ਤਨਖਾਹ ਜਾਰੀ ਕਰਨ ਬਦਲੇ ਉਨ੍ਹਾਂ ਤੋਂ 35000 ਰੁਪਏ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਆਪਸੀ ਯੋਗਦਾਨ ਜ਼ਰੀਏ 30,000 ਰੁਪਏ ਇਕੱਠੇ ਕਰ ਲਏ ਹਨ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦੇ।
ਐਸ ਐਸ ਪੀ ਦੇ ਬਿਆਨ: ਐਸ ਐਸ ਪੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਮੁਲਜ਼ਮ ਬੀਡੀਪੀਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।
- ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024
- ਦੇਸ਼ ਭਰ ਵਿੱਚ ਈਦ ਦਾ ਜਸ਼ਨ, ਦੇਖੋ ਪੰਜਾਬ ਵਿੱਚ ਈਦ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ - Eid Ul Fitar 2024
- ਲੁਧਿਆਣਾ ਦੀ ਜਾਮਾ ਮਸਜਿਦ 'ਚ ਮਨਾਇਆ ਗਿਆ ਈਦ ਦਾ ਤਿਉਹਾਰ; ਸ਼ਾਹੀ ਇਮਾਮ ਨੇ ਦਿੱਤਾ ਭਾਈਚਾਰੇ ਨੂੰ ਸੁਨੇਹਾ, ਵਿਧਾਇਕ ਵੀ ਪੁੱਜੇ - Eid Ul Fitr 2024