ਬਠਿੰਡਾ: ਪੰਜਾਬ ਵਿੱਚ ਹਾਲ ਹੀ 'ਚ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਹਨ ਅਤੇ ਹੁਣ ਨਵੀਆਂ ਚੁਣੀਆਂ ਪੰਚਾਇਤਾਂ ਵੱਲੋਂ ਕਾਰਜ ਵੀ ਸਾਂਭੇ ਜਾ ਰਹੇ ਹਨ। ਉਥੇ ਹੀ ਬਠਿੰਡਾ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਵੱਲੋਂ ਅਹਿਮ ਐਲਾਨ ਕਰਦੇ ਹੋਏ ਨਸ਼ੇ ਖਿਲਾਫ ਇੱਕਜੁੱਟ ਹੋ ਕੇ ਲੜਾਈ ਲੜਨ ਦੀ ਪਹਿਲ ਕੀਤੀ ਹੈ। ਇਸ ਹੀ ਤਹਿਤ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਬਕਾਇਦਾ ਮਤੇ ਪਾ ਕੇ ਨਸ਼ਾ ਤਸਕਰਾਂ ਦੀ ਪਹਿਚਾਣ ਕਰਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਕਿਸੇ ਤਰ੍ਹਾਂ ਦੀ ਵੀ ਕਾਨੂੰਨੀ ਪੈਰਵਾਈ ਨਹੀਂ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ।
ਨਸ਼ੇ ਨਾ ਜੁੜੇ ਲੋਕਾਂ ਦਾ ਬਾਈਕਾਟ
ਬਠਿੰਡਾ ਦੇ ਪਿੰਡ ਕੋਠੇ ਪਿੱਪਲੀ ਮਹਿਰਾਜ ਦੀ ਪੰਚਾਇਤ ਵੱਲੋਂ ਪਿਛਲੇ ਦਿਨੀਂ ਮਤਾ ਪਾਇਆ ਗਿਆ। ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਸੀ ਅਤੇ ਉਹਨਾਂ ਨੂੰ ਲਗਾਤਾਰ ਚਿੰਤਾ ਸਤਾ ਰਹੀ ਸੀ ਕਿ ਇਹ ਨਸ਼ੇ ਦੀ ਅੱਗ ਕਿਤੇ ਉਹਨਾਂ ਦੇ ਪਿੰਡ ਵੱਲ ਨਾ ਹੋ ਤੁਰੇ, ਇਸ ਦੇ ਚਲਦੇ ਉਹਨਾਂ ਵੱਲੋਂ ਸਮੁੱਚੀ ਪੰਚਾਇਤ ਅਤੇ ਨੰਬਰਦਾਰ ਨਾਲ ਮੀਟਿੰਗ ਕਰਕੇ ਮਤਾ ਪਾਇਆ ਗਿਆ।
ਉਨਾਂ ਕਿਹਾ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਪੈਰਵਾਈ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੋ ਨਸ਼ੇ ਦੇ ਕਾਰੋਬਾਰ 'ਚ ਲਿਪਤ ਹਨ ਅਤੇ ਜੋ ਨੌਜਵਾਨ ਨਸ਼ਾ ਛੱਡ ਕੇ ਆਮ ਜ਼ਿੰਦਗੀ ਵਿੱਚ ਪਰਤਣਾ ਚਾਹੁੰਦੇ ਹਨ ਉਹਨਾਂ ਦਾ ਇਲਾਜ ਵੀ ਉਹ ਆਪਣੀ ਜੇਬ ਵਿੱਚੋਂ ਕਰਾਉਣ ਨੂੰ ਤਿਆਰ ਹਨ।
ਪਿੰਡ ਦੇ ਪੰਚਾਂ ਨੇ ਵੀ ਕਿਹਾ ਕਿ ਆਏ ਦਿਨ ਪਿੰਡ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨ, ਜਿੱਥੇ ਇਹ ਮਤਾ ਪੈਣ ਤੋਂ ਬਾਅਦ ਪਿੰਡ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਖੜੋਤ ਆਈ ਹੈ। ਉੱਥੇ ਹੀ ਪਿੰਡ ਵੱਲੋਂ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ।
ਪੰਚਾਇਤਾਂ ਦੀ ਪਹਿਲ ਦੀ ਸ਼ਲਾਘਾ
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਚਾਇਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਹੁਣ ਪਿੰਡ ਵਾਸੀਆਂ ਵੱਲੋਂ ਲਗਾਤਾਰ ਅਜਿਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਜਾਂ ਨਸ਼ੇ ਦੇ ਕਾਰੋਬਾਰ ਨੂੰ ਬੜਾਵਾ ਦੇ ਰਹੇ ਹਨ। ਇਸ ਤੋਂ ਬਾਅਦ ਪਹਿਚਾਣ ਹੋਣ ਤੋਂ ਬਾਅਦ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਨਸ਼ੇ ਨਾਲ ਜੁੜੇ ਲੋਕ ਹੋਣਗੇ ਉਹਨਾਂ ਖਿਲਾਫ ਅਤੇ ਨਸ਼ੇ ਦੇ ਸੌਦਾਗਰਾਂ ਦੀ ਹਿਮਾਇਤ ਕਰਨ ਵਾਲਿਆਂ ਦਾ ਬਾਈਕਾਟ ਕੀਤਾ ਜਾਵੇਗਾ।