ਬਠਿੰਡਾ: ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਅਤੇ ਵੱਡੇ-ਵੱਡੇ ਨਾਮੀ ਤਸਕਰਾਂ ਨੂੰ ਜਿੱਥੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਨਸ਼ੇ ਦੀ ਤਸਕਰੀ ਕਰਕੇ ਬਣਾਈ ਗਈ ਕਰੋੜਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਬਠਿੰਡਾ 'ਚ ਵੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਿਸ ਦੇ ਚੱਲਦੇ ਪੁਲਿਸ ਨੇ ਬੱਠਿੰਡਾ 'ਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਲੱਗਭਗ 8 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫਰੀਜ਼ ਕਰ ਲਈ ਹੈ।
ਬਠਿੰਡਾ 'ਚ ਤਸਕਰਾਂ ਦੀ ਕਰੋੜਾਂ ਦੀ ਪ੍ਰਾਪਰਟੀ ਫਰੀਜ਼
ਇਸ ਸਬੰਧੀ ਐਸਪੀ ਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡੇ ਜ਼ਿਲ੍ਹੇ ਵਿੱਚ ਹੁਣ ਤੱਕ ਪੁਲਿਸ ਵੱਲੋਂ 8 ਕਰੋੜ 17 ਲੱਖ 44311 ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ। ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਅਤੇ ਸੀਜ ਕਰਨ ਦੇ 61 ਕੇਸ ਹਾਈ ਅਥਾਰਟੀ ਨੂੰ ਭੇਜੇ ਗਏ ਸਨ, ਜਿਨਾਂ ਵਿੱਚੋਂ ਹਰ ਅਥਾਰਟੀ ਵੱਲੋਂ 59 ਕੇਸ ਕੰਨਫਰਮ ਕੀਤੇ ਗਏ ਹਨ ਅਤੇ ਦੋ ਕੇਸ ਕਨਫਰਮ ਨਹੀਂ ਕੀਤੇ ਗਏ। ਇਹ 59 ਕੇਸ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਦਰਜ ਹਨ।
ਬਠਿੰਡਾ 'ਚ 59 ਮਾਮਲਿਆਂ 'ਤੇ ਕਾਰਵਾਈ
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੀਜ ਕੀਤੀ ਗਈ ਪ੍ਰਾਪਰਟੀ ਦੀ ਜੇਕਰ ਥਾਣਿਆਂ ਰਾਹੀਂ ਗਿਣਤੀ ਕੀਤੀ ਜਾਵੇ ਤਾਂ ਪੰਜ ਕੇਸ ਥਾਣਾ ਮੌੜ ਥਾਣਾ ਸਿਵਲ ਲਾਈਨ ਅਤੇ ਪੰਜ ਕੇਸ ਨਥਾਣਾ ਥਾਣੇ ਦੇ ਹਨ। ਚਾਰ ਕੇਸਾਂ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਥਾਣਾ ਕੈਂਟ, ਥਾਣਾ ਨੇਹੀਆਂਵਾਲਾ ਅਤੇ ਥਾਣਾ ਥਰਮਲ ਵਿੱਚ ਦਰਜ ਹਨ। ਇਸ ਤੋਂ ਇਲਾਵਾ ਤਿੰਨ-ਤਿੰਨ ਕੇਸਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਥਾਣਾ ਕਨਾਲ ਕਲੋਨੀ, ਥਾਣਾ ਸਦਰ, ਥਾਣਾ ਨੰਦਗੜ੍ਹ, ਥਾਣਾ ਰਾਮਪੁਰਾ, ਥਾਣਾ ਤਲਵੰਡੀ ਸਾਬੋ, ਥਾਣਾ ਕੋਤਵਾਲੀ, ਥਾਣਾ ਸੰਗਤ, ਥਾਣਾ ਬਾਲਿਆਂ ਵਾਲੀ ਅਤੇ ਥਾਣਾ ਦਿਆਲਪੁਰਾ ਦਰਜ ਹਨ।
ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ: ਪੁਲਿਸ
ਇਸ ਦੇ ਨਾਲ ਹੀ ਦੋ-ਦੋ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਥਾਣਾ ਰਾਮਾ, ਥਾਣਾ ਸਦਰ ਰਾਮਪੁਰਾ ਅਤੇ ਥਾਣਾ ਫੂਲ ਵਿੱਚ ਦਰਜ ਹਨ। ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ ਕਰਨ ਦੇ ਮਾਮਲੇ ਵਿੱਚ ਇੱਕ ਕੇਸ ਸਿਰਫ ਥਾਣਾ ਕੋਟ ਫੱਤਾ ਵਿਖੇ ਦਰਜ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ ਅਤੇ ਫਰੀਜ਼ ਕਰਨ ਦੇ ਦੋ ਕੇਸ ਪੈਂਡਿੰਗ ਪਏ ਹਨ। ਬਠਿੰਡਾ ਪੁਲਿਸ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀਆਂ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀ ਸੀਜ ਕੀਤੀਆਂ ਗਈਆਂ ਹਨ। ਜਿਨਾਂ ਵਿੱਚੋਂ ਇੱਕ ਕੇਸ ਥਾਣਾ ਕਨਾਲ ਕਲੋਨੀ ਦਾ ਤਾਰਾ ਚੰਦ ਪਾਰਕ ਦਾ ਹੈ, ਜਿਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਅਤੇ ਇਸ ਦੀ ਇਕ ਕਰੋੜ 78 ਲੱਖ ਰੁਪਏ ਦੀ ਪ੍ਰਾਪਰਟੀ ਸੀਜ ਕੀਤੀ ਗਈ।
ਤਸਕਰਾਂ ਦੇ ਰਿਸ਼ਤੇਦਾਰਾਂ ਦੀ ਵੀ ਕੀਤੀ ਜਾ ਰਹੀ ਜਾਂਚ
ਇਸ ਤੋਂ ਇਲਾਵਾ ਥਾਣਾ ਮੌੜ ਮੰਡੀ ਵਿੱਚ ਦਰਜ ਐਨਡੀਪੀਐਸ ਕੇਸ ਵਿੱਚ ਨਸ਼ਾ ਤਸਕਰ ਤਰਸੇਮ ਚੰਦ ਦੀ ਇੱਕ ਕਰੋੜ 25 ਲੱਖ 75 ਹਜ਼ਾਰ 268 ਰੁਪਏ ਦੀ ਪ੍ਰਾਪਰਟੀ ਸੀਜ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਨਾਲ-ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦੀ ਪ੍ਰਾਪਰਟੀ 'ਤੇ ਵੀ ਨਿਗਾਹ ਰੱਖੀ ਜਾਂਦੀ ਹੈ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਨਸ਼ਾ ਤਸਕਰ ਵਲੋਂ ਨਸ਼ੇ ਤੋਂ ਬਣਾਈ ਗਈ ਜਾਇਦਾਦ ਆਪਣੇ ਰਿਸ਼ਤੇਦਾਰਾ ਦੇ ਨਾਮ ਤਾਂ ਨਹੀਂ ਕਿਤੇ ਕਰਵਾਈ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗਈ ਪ੍ਰਾਪਰਟੀ ਨੂੰ ਸੀਜ ਅਤੇ ਫਰੀਜ਼ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ।