ਬਰਨਾਲਾ: ਬਰਨਾਲਾ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ। ਅੱਜ ਆਖ਼ਰੀ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ।
ਸਾਂਸਦ ਦੀ ਕੋਠੀ ਅੱਗੇ ਵੱਡਾ ਇਕੱਠ
ਜਿਸ ਤੋਂ ਬਾਅਦ ਇੱਕ ਕਾਫ਼ਲੇ ਦੇ ਰੂਪ ਵਿੱਚ ਉਹਨਾਂ ਬਰਨਾਲਾ ਦੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੂੰ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ। ਇਸ ਮੌਕੇ ਉਹਨਾਂ ਨਾਲ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਹਾਜ਼ਰ ਸਨ। ਜਦਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਗੈਰ ਹਾਜ਼ਰ ਰਹੇ। ਇਸ ਤੋਂ ਇਲਾਵਾ ਪਾਰਟੀ ਦਾ ਕੋਈ ਵੀ ਮੰਤਰੀ ਜਾਂ ਵੱਡਾ ਨੇਤਾ ਇਸ ਦੌਰਾਨ ਨਹੀਂ ਪੁੱਜਿਆ।
ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਚੋਣ ਲੜਨ ਦਾ ਹੱਕ
ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਹਨਾਂ ਪਾਰਟੀ ਹਾਈਕਮਾਂਡ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਦਾ ਉਮੀਦਵਾਰ ਬਣਾਏ ਜਾਣ 'ਤੇ ਧੰਨਵਾਦ ਕੀਤਾ। ਉਹਨਾਂ ਗੁਰਦੀਪ ਸਿੰਘ ਬਾਠ ਵਲੋਂ ਵਿਰੋਧ ਕੀਤੇ ਜਾਣ 'ਤੇ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਦਾ ਟਿਕਟ ਮੰਗਣ ਦਾ ਹੱਕ ਹੈ, ਪਰ ਪਾਰਟੀ ਵਲੋਂ ਜਿਸ ਨੂੰ ਵੀ ਟਿਕਟ ਦੇ ਦਿੱਤੀ ਜਾਂਦੀ ਹੈ, ਉਸਦਾ ਸਾਥ ਦੇਣਾ ਚਾਹੀਦਾ ਹੈ।
ਸਰਕਾਰ ਦੇ ਕੰਮਾਂ 'ਤੇ ਮੰਗਾਂਗੇ ਵੋਟ
ਉਹਨਾਂ ਕਿਹਾ ਕਿ ਗੁਰਦੀਪ ਸਿੰਘ ਬਾਠ ਦਾ ਚੋਣ ਲੜਨ ਦਾ ਆਪਣਾ ਹੱਕ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਢਾਈ ਸਾਲਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਚੋਣ ਲੜੀ ਜਾਵੇਗੀ। ਸਰਕਾਰ ਵਲੋਂ ਘਰੇਲੂ ਮੁਫ਼ਤ ਬਿਜਲੀ, ਨਹਿਰੀ ਪਾਣੀ, ਖੇਤਾਂ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਦੇ ਵਾਅਦੇ ਪੂਰੇ ਕੀਤੇ। ਬਰਨਾਲਾ ਸ਼ਹਿਰ ਦੇ ਵਿਕਾਸ ਲਈ ਵੱਡੀਆ ਗ੍ਰਾਂਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਅਤੇ ਇਸੇ ਵਿਕਾਸ ਦੇ ਮੁੱਦੇ ਉਪਰ ਉਹ ਚੋਣ ਲੜਨਗੇ।