ਬਰਨਾਲਾ: ਕਸਬਾ ਹੰਡਿਆਇਆ ਨਗਰ ਪੰਚਾਇਤ ਦੀ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਹੰਡਿਆਇਆ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਏਥੇ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਦੋ ਵਾਰ ਭਾਜਪਾ ਦੇ ਕੌਂਸਲਰ ਰਹਿ ਚੁੱਕੇ ਗੁਰਮੀਤ ਸਿੰਘ ਬਾਵਾ ਸਮੇਤ ਕਈ ਜ਼ਿਲ੍ਹਾ ਪੱਧਰੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਤਿੰਨ ਵਾਰ ਬਰਨਾਲਾ ਜ਼ਿਲ੍ਹੇ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਨਾਲ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਹਰਿੰਦਰ ਸਿੰਘ ਸਿੱਧੂ ਅਤੇ ਭਾਜਪਾ ਆਗੂ ਚਰਨਪ੍ਰੀਤ ਸਿੰਘ ਅਤੇ ਬੂਟਾ ਸਿੰਘ ਵੀ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ 'ਆਪ' 'ਚ ਸ਼ਾਮਿਲ ਹੋਣ ਨਾਲ ਯਕੀਨੀ ਤੌਰ 'ਤੇ ਇੱਥੇ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ।
ਨਵੇਂ ਆਗੂਆਂ ਦਾ ਸਵਾਗਤ
ਸਾਰੇ ਨਵੇਂ ਆਗੂਆਂ ਨੂੰ ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਦਾ 'ਆਪ' ਪਰਿਵਾਰ 'ਚ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ। ਸਾਰੇ ਆਗੂਆਂ ਦਾ ਪਾਰਟੀ 'ਚ ਸਵਾਗਤ ਕਰਦਿਆਂ ਅਮਨ ਅਰੋੜਾ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਵਾਰ ਦੀਆਂ ਲੋਕਲ ਬਾਡੀ ਚੋਣਾਂ 'ਚ ਪੰਜਾਬ 'ਚੋਂ ਭਾਜਪਾ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਆਮ ਆਦਮੀ ਪਾਰਟੀ ਹੀ ਲੋਕਾਂ ਦੀ ਪਹਿਲੀ ਪਸੰਦ ਹੈ। 'ਆਪ' ਸਰਕਾਰ ਦੇ ਪਿਛਲੇ ਢਾਈ ਸਾਲਾਂ ਦੇ ਕੰਮਾਂ ਤੋਂ ਲੋਕ ਕਾਫੀ ਖੁਸ਼ ਹਨ। ਹੁਣ ਲੋਕ ਨਗਰ ਪ੍ਰਸ਼ਾਸਨ ਵੀ ਆਮ ਆਦਮੀ ਪਾਰਟੀ ਦੇ ਹਵਾਲੇ ਕਰਨਾ ਚਾਹੁੰਦੇ ਹਨ।
ਟਿਕਟ ਕੱਟੇ ਜਾਣ ਤੋਂ ਨਰਾਜ਼ ਸਨ ਗੁਰਮੀਤ ਬਾਵਾ
ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਬੀਤੇ ਕੱਲ੍ਹ ਨਗਰ ਪੰਚਾਇਤ ਹੰਡਿਆਇਆ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਜਿਸ ਵਿੱਚ ਗੁਰਮੀਤ ਬਾਵਾ ਦੀ ਟਿਕਟ ਕੱਟ ਦਿੱਤੀ ਗਈ। ਜਿਸ ਕਾਰਨ ਗੁਰਮੀਤ ਬਾਵਾ ਟਿਕਟ ਕੱਟੇ ਜਾਣ ਤੋਂ ਨਰਾਜ਼ ਚੱਲ ਰਹੇ ਸਨ। ਇਸਦੇ ਚੱਲਦਿਆਂ ਉਹਨਾਂ ਅੱਜ ਇਹ ਫ਼ੈਸਲਾ ਲਿਆ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੂੰ ਆਮ ਆਦਮੀ ਪਾਰਟੀ ਵਲੋਂ ਟਿਕਟ ਦਿੱਤੀ ਜਾਣ ਦੀ ਚਰਚਾ ਹੈ।
- 'ਪੈਰਾਸੀਟਾਮੋਲ' ਦੀ ਗੋਲੀ ਨੂੰ ਨਸ਼ਾ ਦੱਸ ਕੇ ਪੁਲਿਸ ਨੇ ਦਰਜ ਕੀਤਾ ਐਨਡੀਪੀਐਸ ਦਾ ਪਰਚਾ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਇਹ ਆਦੇਸ਼
- ਨਿਗਮ ਉਮੀਦਵਾਰਾਂ ਦੀ ਸੂਚੀ ਜਾਰੀ ਹੁੰਦੇ ਹੀ ਉੱਠਣ ਲੱਗੇ ਬਗਾਵਤੀ ਸੁਰ, ਭਾਜਪਾ ਦੇ ਉੱਘੇ ਆਗੂ ਨੇ ਮੁੱਢਲੀ ਮੈਂਬਰਸ਼ਿੱਪ ਤੋਂ ਦਿੱਤਾ ਅਸਤੀਫ਼ਾ
- 'ਆਪ' ਨੇ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ,784 ਉਮੀਦਵਾਰਾਂ ਦਾ ਕੀਤਾ ਐਲਾਨ