ਬਰਨਾਲਾ: ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੂੰ ਖ਼ੂਨ ਦੀਆਂ ਉਲਟੀਆਂ ਆ ਰਹੀਆਂ ਹਨ। ਇਹ ਦਾਅਵਾ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਬਰਨਾਲਾ ਵਿਖੇ ਮੀਡੀਆ ਸਾਹਮਣੇ ਆ ਕੇ ਕੀਤਾ। ਐਡਵੋਕੇਟ ਖਾਲਸਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ 16 ਫ਼ਰਵਰੀ ਤੋਂ ਭੁੱਖ ਹੜਤਾਲ ਉਪਰ ਹਨ ਅਤੇ ਉਹਨਾਂ ਵਲੋਂ ਸਿਰਫ਼ ਪਾਣੀ ਸਹਾਰੇ ਦਿਨ ਕੱਢੇ ਜਾ ਰਹੇ ਹਨ। ਵਕੀਲ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਕੁੱਝ ਹੁੰਦਾ ਹੈ ਤਾਂ ਉਸ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਜਿੰਮੇਵਾਰ ਹੋਣਗੇ।
ਅੰਮ੍ਰਿਤਪਾਲ ਸਿੰਘ ਦੀ ਵਿਗੜੀ ਸਿਹਤ: ਇਸ ਮੌਕੇ ਗੱਲਬਾਤ ਕਰਦਿਆਂ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ 16 ਫ਼ਰਵਰੀ ਤੋਂ ਭੁੱਖ ਹੜਤਾਲ ਉਪਰ ਹਨ। ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ। ਦੋ ਦਿਨ ਪਹਿਲਾਂ ਹੀ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਆਏ ਹਨ। ਬੀਤੇ ਕੱਲ੍ਹ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਵੀ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਆਈ ਹੈ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਖ਼ੂਨ ਦੀ ਉਲਟੀ ਆਈ ਹੈ। ਜਿਸ ਕਾਰਨ ਅੰਮ੍ਰਿਤਪਾਲ ਸਿੰਘ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਕਿਸੇ ਵੇਲੇ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ। ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿੱਚ ਉਹਨਾਂ ਦੀ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ। ਜਿਸ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਜਿੰਮੇਵਾਰ ਹੋਵੇਗਾ।
ਅੰਮ੍ਰਿਤਸਰ ਡੀਸੀ ਵਲੋਂ ਹੋਰ ਕੇਸ ਪਾਉਣ ਦੀ ਧਮਕੀ: ਐਡਵੋਕੇਟ ਖਾਲਸਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਦੇ ਮਾੜੇ ਵਤੀਰੇ ਤੋਂ ਤੰਗ ਆ ਕੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਭੁੱਖ ਹੜਤਾਲ ਉਪਰ ਹਨ। ਉਹਨਾਂ ਵਲੋਂ 16 ਫ਼ਰਵਰੀ ਤੋਂ ਕੁੱਝ ਵੀ ਖਾਧਾ ਨਹੀਂ ਜਾ ਰਿਹਾ। ਸਿਰਫ਼ ਪਾਣੀ ਹੀ ਪੀ ਰਹੇ ਹਨ ਅਤੇ ਕੋਈ ਵੀ ਮੈਡੀਸ਼ਨ ਨਹੀਂ ਲੈ ਰਹੇ। ਇਸੇ ਕਾਰਨ ਅੰਮ੍ਰਿਤਪਾਲ ਸਿੰਘ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਮੁੱਖ ਮੰਗ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਿੱਚ ਜੇਲ੍ਹ ਬਦਲੀ ਦੀ ਮੰਗ ਕਰ ਰਹੇ ਹਨ। ਇਸ ਮੰਗ ਤੋਂ ਬਿਨ੍ਹਾਂ ਕਿਸੇ ਵੀ ਹਾਲਤ ਭੁੱਖ ਹੜਤਾਲ ਖ਼ਤਮ ਨਹੀਂ ਕਰਨਗੇ। ਉਹਨਾਂ ਦੋਸ਼ ਲਗਾਇਆ ਕਿ ਅੰਮ੍ਰਿਤਸਰ ਦੇ ਡੀਸੀ ਰਾਹੀਂ ਜੇਲ੍ਹ ਪ੍ਰਸ਼ਾਸ਼ਨ ਵਲੋਂ ਭੁੱਖ ਹੜਤਾਲ ਰੱਖਣ ਕਰਕੇ ਸਮੂਹ ਸਿੰਘਾਂ ਉਪਰ ਇੱਕ ਹੋਰ ਕੇਸ ਪਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਚੋਣ ਕਮਿਸ਼ਨਰ ਵਲੋਂ ਟੈਲੀਫ਼ੋਨ ਸਹੂਲਤ ਵੀ ਬੰਦ: ਐਡਵੋਕੇਟ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰ ਸਮਝਦੇ ਹੋਏ ਤੁਰੰਤ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਜੇਲ੍ਹ ਬਦਲੀ ਕੀਤੀ ਜਾਵੇ। ਉਹਨਾਂ ਕਿਹਾ ਕਿ ਆਸਾਮ ਦੇ ਚੋਣ ਕਮਿਸ਼ਨਰ ਨੇ ਅੰਮ੍ਰਿਤਪਾਲ ਸਿੰਘ ਦੀ ਟੈਲੀਫ਼ੋਨ ਸਹੂਲਤ ਵੀ ਬੰਦ ਕਰਨ ਦੇ ਦੋਸ਼ ਲਗਾਏ ਹਨ। ੳਹਨਾਂ ਕਿਹਾ ਕਿ ਚੋਣ ਕਮਿਸ਼ਨਰ ਨੇ ਚੋਣਾਂ ਵਿੱਚ ਮਾਹੌਲ ਖ਼ਰਾਬ ਹੋਣ ਦਾ ਬਹਾਨਾ ਲਗਾ ਕੇ ਉਹਨਾਂ ਦੀ ਟੈਲੀਫ਼ੋਨ ਸਹੂਲਤ ਬੰਦ ਕੀਤੀ ਹੈ। ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਉਹਨਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ।