ਸ੍ਰੀ ਮੁਕਤਸਰ ਸਾਹਿਬ: ਪਿੰਡ ਗੁਲਾਬੇਵਾਲਾ ਵਿੱਚ ਘਰ ਦੇ ਕਮਰੇ ਦੀ ਅਚਾਨਕ ਛੱਤ ਡਿੱਗਣ ਕਾਰਨ ਘਰ 'ਚ ਹਫੜਾ-ਦਫੜੀ ਮਚ ਗਈ। ਛੱਤ ਦੇ ਮਲਬੇ ਹੇਠ ਤਿੰਨ ਜਾਨਾਂ ਦੇ ਦੱਬੇ ਜਾਣ ਦਾ ਖਬਰ ਸਾਹਮਣੇ ਆਈ ਹੈ। ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ ਸਮੇਤ ਦੋ ਲੜਕੀਆਂ ਬੁਰੀ ਤਰ੍ਹਾਂ ਜਖ਼ਮੀ ਹਾਲਤ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੋ ਭੈਣਾਂ ਅਤੇ ਉਨ੍ਹਾਂ ਦੇ ਚਾਚਾ ਤਿੰਨੋਂ ਜਣੇ ਜ਼ਖ਼ਮੀ
ਪੀੜਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇਵਾਲਾ ਵਿੱਚ ਅੱਜ ਸਵੇਰੇ ਸਾਢੇ 8 ਵਜੇ ਤੋਂ 9 ਵਜੇ ਦੇ ਦਰਮਿਆਨ ਇੱਕ ਘਰ ਦੀ ਛੱਤ ਡਿੱਗੀ। ਛੱਤ ਦੇ ਮਲਬੇ ਹੇਠ ਤਿੰਨ ਜਣੇ ਚਾਚਾ-ਭਤੀਜੀਆਂ ਦੱਬ ਗਏ ਹਨ। ਦੱਬੇ ਜਾਣ ਕਾਰਨ ਦੋ ਭੈਣਾਂ ਅਤੇ ਉਨ੍ਹਾਂ ਦੇ ਚਾਚਾ ਤਿੰਨੋਂ ਜਣੇ ਜ਼ਖ਼ਮੀ ਹੋ ਗਏ ਹਨ। ਜਿਸ ਕਾਰਨ ਘਰ 'ਚ ਰੌਲਾ ਸੁਣ ਕੇ ਆਂਢ-ਗੁਆਂਢ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜਖਮੀ ਹਾਲਾਤ ਵਿੱਚ ਹਸਪਤਾਲ ਪਹੁੰਚਾਇਆ।
ਟਾਇਰਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਜਖਮੀ ਬੱਚੀਆਂ ਦਾ ਪਿਤਾ
ਸਾਰੀ ਘਟਨਾ ਬਿਆਨ ਕਰਦੇ ਹੋਏ ਜ਼ਖਮੀ ਲੜਕੀਆਂ ਦੇ ਮਾਮੇ ਨੇ ਦੱਸਿਆ ਕਿ ਕੁੜੀਆਂ ਦਾ ਪਿਤਾ ਟਾਇਰਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਅੱਜ ਸਵੇਰੇ ਉਹ ਆਪਣੀ ਦੁਕਾਨ 'ਤੇ ਟਾਇਰਾਂ ਦੀ ਮੁਰੰਮਤ ਕਰਨ ਗਿਆ ਸੀ ਕਿ ਕੁਝ ਦੇਰ ਬਾਅਦ ਹੀ ਉਸ ਦੇ ਕਮਰੇ ਦੀ ਛੱਤ ਡਿੱਗ ਗਈ। ਜਿਸ ਕਰਕੇ ਮਲਬੇ ਹੇਠਾਂ ਆਉਣ ਕਾਰਨ ਉਨ੍ਹਾਂ ਦੀਆਂ ਦੋਵੇਂ ਧੀਆਂ ਅਤੇ ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮਾਮੇ ਨੇ ਦੱਸਿਆ ਕਿ ਉਨ੍ਹਾਂ ਦੀ ਛੋਟੀ ਭਾਣਜੀ ਜੋ ਕਿ 3 ਸਾਲ ਦੀ ਹੈ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ ਅਤੇ ਉਸ ਦਾ ਸੱਜਾ ਹੱਥ ਵੀ ਟੁੱਟ ਗਿਆ ਹੈ ਅਤੇ ਉਹ ਪ੍ਰਸ਼ਾਸਨ ਦੇ ਲੋਕਾਂ ਨੂੰ ਬੇਟੀ ਦੇ ਇਲਾਜ ਲਈ ਮਦਦ ਦੀ ਅਪੀਲ ਕਰ ਰਿਹਾ ਹੈ।
ਘਟਨਾ ਵੇਲ੍ਹੇ ਕਮਰੇ 'ਚ ਬੈਠੀਆਂ ਟੀ.ਵੀ. ਦੇਖ ਰਹੀਆਂ ਸੀ
ਜ਼ਖਮੀ ਲੜਕੀਆਂ ਦੀ ਮਾਂ ਨੇ ਦੱਸਿਆ ਕਿ ਉਹ ਸਵੇਰੇ ਖਾਣਾ ਬਣਾ ਰਹੀ ਸੀ ਅਤੇ ਉਸ ਦੀਆਂ ਦੋਵੇਂ ਬੇਟੀਆਂ ਸਕੂਲ ਤੋਂ ਛੁੱਟੀ ਹੋਣ ਕਾਰਨ ਘਰ 'ਚ ਹੀ ਸਨ ਅਤੇ ਕਮਰੇ 'ਚ ਬੈਠੀਆਂ ਟੀ.ਵੀ ਦੇਖ ਰਹੀਆਂ ਸਨ। ਫਿਰ ਅਚਾਨਕ ਹੀ ਕਮਰੇ ਦੀ ਛੱਤ ਡਿੱਗ ਗਈ ਅਤੇ ਇਹ ਸਾਰੀ ਘਟਨਾ ਵਾਪਰ ਗਈ।
ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੋਰਾ ਸਿੰਘ ਦਾ ਘਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੈ ਅਤੇ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਛੱਤ ਦੇ ਮਲਬੇ ਹੇਠ ਦੱਬੇ ਚਾਚੇ ਅਤੇ ਦੋਵੇਂ ਭਤੀਜੀਆਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਤਿੰਨਾਂ ਨੂੰ ਜਖ਼ਮੀ ਹਾਲਤ ਵਿੱਚ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁਸੀਬਤ ਵਿੱਚ ਹਨ, ਉਨ੍ਹਾਂ ਨੇ ਪ੍ਰਸ਼ਾਸਨ, ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।