ਸੰਗਰੂਰ: ਜ਼ਿਲ੍ਹੇ ਦੇ ਪਿੰਡ ਸੰਘਰੇੜੀ ਵਿਖੇ ਗੁੱਜਰ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਆਪਣੀਆਂ ਮੱਝਾਂ ਨੂੰ ਚਰਾ ਰਹੇ ਸਨ ਪਰ ਇਸ ਦੌਰਾਨ ਵੱਡੀ ਘਟਨਾ ਵਾਪਰ ਗਈ। ਮੱਝਾਂ ਨੇ ਇਕ ਖੇਤ ’ਚ ਪਾਣੀ ਪੀਤਾ ਜਿਸ ਤੋਂ ਬਾਅਦ ਅਚਾਨਕ ਮੱਝਾਂ ਦੀ ਸਿਹਤ ਖਰਾਬ ਹੋ ਗਈ। ਇਸ ਤੋਂ ਬਾਅਦ ਡੇਢ ਦਰਜ਼ਨ ਦੇ ਕਰੀਬ ਮੱਝਾਂ ਮਰ ਗਈਆਂ ਅਤੇ ਅੱਧੀ ਦਰਜਨ ਤੋਂ ਵੱਧ ਦੀ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਘਟਨਾ ’ਚ ਪਸ਼ੂ ਪਾਲਕ ਮੂਸਾ ਖਾਨ ਦੀਆਂ 12 ਮੱਝਾਂ ਅਤੇ ਗਾਮਾ ਖਾਨ ਦੀਆਂ 6 ਮੱਝਾਂ ਨੇ ਦਮ ਤੋੜ ਦਿੱਤਾ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁੱਜਰ ਭਾਈਚਾਰੇ ਨਾਲ ਸਬੰਧਤ ਮੂਸਾ ਖਾਨ ਪੁੱਤਰ ਅਲਫਦੀਨ ਅਤੇ ਗਾਮਾ ਖਾਨ ਪੁੱਤਰ ਕਾਸਮ ਖਾ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜੰਮਪਲ ਹਨ ਅਤੇ ਕਰੀਬ 25-30 ਸਾਲਾਂ ਤੋਂ ਪੰਜਾਬ ਅੰਦਰ ਸੰਗਰੂਰ ਜ਼ਿਲ੍ਹੇ ਦੇ ਧੂਰੀ ਨੇੜਲੇ ਪਿੰਡ ਧੂਰਾ ਵਿਖੇ ਆਪਣੇ ਡੇਰੇ ’ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪਸ਼ੂ ਪਾਲਣ ਦਾ ਕੰਮ ਕਰਦੇ ਹਨ ਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਵੱਖ ਵੱਖ ਪਿੰਡਾਂ ’ਚ ਲੈ ਜਾਂਦੇ ਹਨ ਤੇ ਖੁੱਲੀਆਂ ਥਾਵਾਂ 'ਤੇ ਆਪਣੇ ਪਸ਼ੂਆਂ ਨੂੰ ਚਰਾਉਂਦੇ ਹਨ। ਜਿਸ ਦੇ ਚਲਦਿਆਂ ਅੱਜ ਵੀ ਉਹ ਆਪਣੀਆਂ 32 ਦੇ ਕਰੀਬ ਮੱਝਾਂ ਨੂੰ ਲੈ ਕੇ ਪਿੰਡ ਸੰਘਰੇੜੀ ਤੋਂ ਪਿੰਡ ਕਪਿਆਲ ਨੂੰ ਆਉਂਦੀ ਸੜਕ ਉਪਰ ਚਰਾਉਣ ਆਏ ਸਨ ਤਾਂ ਇਸ ਦੌਰਾਨ ਦੁਪਹਿਰ ਸਮੇਂ ਮੱਝਾਂ ਨੂੰ ਪਿਆਸ ਲੱਗਣ ’ਤੇ ਉਨ੍ਹਾਂ ਇਥੇ ਸਥਿਤ ਇਕ ਖੇਤ ’ਚ ਇਕ ਮੋਟਰ ਵਾਲੇ ਚੁਵੱਚੇ ’ਚੋਂ ਆਪਣੀਆਂ ਮੱਝਾਂ ਨੂੰ ਜਦੋਂ ਪਾਣੀ ਪਿਲਾਇਆ ਤਾਂ ਦੇਖਦੇ ਹੀ ਦੇਖਦੇ ਉਨ੍ਹਾਂ ਦੀਆਂ ਮੱਝਾਂ ਇਕ-ਇਕ ਕਰਕੇ ਇਥੇ ਜ਼ਮੀਨ ਉਪਰ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਮੱਝਾਂ ਨੇ ਦਮ ਤੋੜ ਦਿੱਤਾ।
ਕਈਆਂ ਦਾ ਹੋਇਆ ਨੁਕਸਾਨ: ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਮੂਸਾ ਖਾਨ ਦੀਆਂ 12 ਮੱਝਾਂ ਤੇ ਗਾਮਾ ਖਾਨ ਦੀਆਂ 6 ਮੱਝਾਂ ਨੇ ਦਮ ਤੋੜ ਦਿੱਤਾ ਤੇ ਦੋਵੇ ਵਿਅਕਤੀਆਂ ਦੀਆਂ 7 ਤੋਂ ਵੱਧ ਮੱਝਾਂ ਦੀਆਂ ਹਾਲਤ ਅਜੇ ਕਾਫ਼ੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਇਕ ਮੱਝ ਦੀ ਕੀਮਤ ਲੱਖ ਰੁਪਏ ਤੋਂ ਉਪਰ ਹੈ। ਇਸ ਤਰ੍ਹਾਂ ਉਨ੍ਹਾਂ ਦਾ ਕਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੋਵੇ ਪੀੜਤਾਂ ਨੇ ਦੱਸਿਆ ਕਿ ਮਾਰਨ ਵਾਲੀਆਂ ਮੱਝਾਂ ’ਚ 8 ਤਾਜੀਆਂ ਸੂਈਆਂ ਹੋਈਆਂ ਸਨ ਤੇ 10 ਕੇ ਕਰੀਬ ਮੱਝਾਂ ਸੂਣ ਵਾਲੀਆ ਸਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਇਸ ਨੁਕਸਾਨ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਪੀੜਤਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਵੀ ਗੁਹਾਰ ਲਗਾਈ ਕਿ ਮੱਝਾਂ ਦੇ ਦੁੱਧ ਨਾਲ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਦੇ ਸਨ ਤੇ ਹੁਣ ਉਨ੍ਹਾਂ ਦਾ ਗੁਜਾਰਾ ਮੁਸ਼ਕਿਲ ਹੋ ਗਿਆ ਹੈ, ਇਸ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ। ਇਸ ਘਟਨਾ ਦਾ ਪਤਾ ਚਲਦਿਆਂ ਮੌਕੇ ’ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਡੀ.ਐੱਸ.ਪੀ ਭਵਾਨੀਗੜ੍ਹ ਗੁਰਦੀਪ ਸਿੰਘ ਦਿਉਲ, ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਤੇ ਪੁਲਿਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ਼ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
- ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਫਿਰੋਜ਼ਪੁਰ ਪਹੁੰਚੇ ਸ਼ੇਰ ਸਿੰਘ ਘੁਬਾਇਆ, ਕਿਹਾ- ਹਲਕੇ 'ਚ ਪਹਿਲ ਦੇ ਅਧਾਰ 'ਤੇ ਕਰਾਏ ਜਾਣਗੇ ਕੰਮ - Sher Singh Ghubaya in Ferozepur
- ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਅੰਦਰ ਸਥਿਤ ਮਕਾਨ 'ਚ ਹੋਇਆ ਜ਼ਬਰਦਸਤ ਧਮਾਕਾ, ਗੈਸ ਗੀਜ਼ਰ ਫਟਣ ਕਾਰਨ ਵਾਪਰੀ ਦੁਰਘਟਨਾ - huge explosion in Amritsar
- ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਮੈਦਾਨ 'ਚ ਉਤਰਿਆ ਢਾਬੇ ਵਾਲਾ, ਭਰੇ ਨਾਮਜ਼ਦਗੀ ਫਾਰਮ - Independent Candidate B K Sharma
ਇਸ ਮੌਕੇ ਪਹੁੰਚੇ ਤਹਿਸੀਲਦਾਰ ਭਵਾਨੀਗੜ੍ਹ ਸੁਰਿੰਦਰਪਾਲ ਪੰਨੂ ਤੇ ਗਗਨਦੀਪ ਸਿੰਘ ਵੈਟਨਰੀ ਇੰਸਪੈਕਟਰ ਘਰਾਚੋਂ ਨੇ ਕਿਹਾ ਕਿ ਮ੍ਰਿਤਕ ਮੱਝਾਂ ਨੂੰ ਇਕੱਠੀਆਂ ਕਰਕੇ ਸਵੇਰੇ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੱਝਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ। ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਚੁਬੱਚੇ ਦਾ ਪਾਣੀ ਜ਼ਹਿਰੀਲਾ ਹੋ ਸਕਦਾ ਹੈ। ਜਿਸ ਦੀ ਵੀ ਜਾਂਚ ਕੀਤੀ ਜਾਵੇਗੀ।