ਲੁਧਿਆਣਾ:- ਇਨ੍ਹਾਂ ਦੇ ਕਬਜ਼ੇ 'ਚੋਂ ਪੁਆਇੰਟ 32 ਬੋਰ ਦੇ 5 ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਸ਼ਿਵਮ ਵਾਸੀ ਬਸੰਤ ਵਿਹਾਰ ਕਲੋਨੀ ਖੈਰ ਰੋਡ ਅਲੀਗੜ੍ਹ (ਉੱਤਰ ਪ੍ਰਦੇਸ਼), ਕਰਨਬੀਰ ਸਿੰਘ ਕਰਨ ਵਾਸੀ ਮੀਰਾ ਕੋਟ ਅੰਮ੍ਰਿਤਸਰ, ਮੋਹਨ ਦੇਵ ਉਰਫ਼ ਮੋਹਨ ਪੰਡਿਤ ਉਰਫ਼ ਛੋਟੂ ਵਾਸੀ ਪਿੱਪਲ ਚੌਕ ਨਵੀਂ ਦਿੱਲੀ, ਬਲਜੀਤ ਸਿੰਘ ਜੀਤਾ ਅਤੇ ਅਕਾਸ਼ਦੀਪ ਸਿੰਘ ਆਕਾਸ਼ ਵਾਸੀ ਸਰਾਏ ਅਮਾਨਤ ਖਾਂ (ਤਰਨਤਾਰਨ) ਵਜੋਂ ਹੋਈ। ਉਨ੍ਹਾਂ ਦੇ ਨੈੱਟਵਰਕ ਨੂੰ ਫਰੋਲਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।
ਐਸਐਸਪੀ ਅਮਨੀਤ ਕੌਂਡਲ ਦੇ ਬਿਆਨ: ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਸੌਰਵ ਜਿੰਦਲ, ਡੀਐਸਪੀ (ਆਈ) ਸੁੱਖ ਅੰਮ੍ਰਿਤ ਸਿੰਘ, ਡੀਐਸਪੀ ਪਾਇਲ ਨਿਖਿਲ ਗਰਗ ਅਤੇ ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ 14 ਮਾਰਚ ਨੂੰ ਦੋਰਾਹਾ ਪਨਸਪ ਗੋਦਾਮ ਨੇੜੇ ਮੋਬਾਇਲ ਨਾਕਾਬੰਦੀ ਦੌਰਾਨ ਸ਼ਿਵਮ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ। ਸ਼ਿਵਮ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਮੋਹਨ ਦੇਵ ਉਰਫ਼ ਮੋਹਨ ਪੰਡਿਤ ਦੇ ਕਹਿਣ 'ਤੇ ਕਰਨਬੀਰ ਸਿੰਘ ਨੂੰ ਪਿਸਤੌਲ ਦੇਣ ਜਾ ਰਿਹਾ ਸੀ।
ਜਾਂਚ ਦੌਰਾਨ ਸ਼ਿਵਮ ਨੇ ਕੀਤਾ ਖੁਲਾਸਾ: ਇਸ ਮਗਰੋਂ ਕਰਨਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ। ਮਾਸਟਰਮਾਈਂਡ ਮੋਹਨ ਦੇਵ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਵਿਸ਼ੇਸ਼ ਟੀਮ ਦਿੱਲੀ ਭੇਜੀ ਗਈ, ਜਿਸਨੇ ਮੋਹਨ ਨੂੰ ਉੱਥੋਂ ਕਾਬੂ ਕਰ ਲਿਆ। ਜਾਂਚ ਦੌਰਾਨ ਸ਼ਿਵਮ ਨੇ ਇਹ ਖੁਲਾਸਾ ਵੀ ਕੀਤਾ ਕਿ ਇਸ ਤੋਂ ਪਹਿਲਾਂ ਉਹ ਅਕਾਸ਼ਦੀਪ ਸਿੰਘ ਆਕਾਸ਼ ਅਤੇ ਬਲਜੀਤ ਸਿੰਘ ਜੀਤਾ ਨੂੰ ਨਾਜਾਇਜ਼ ਪਿਸਤੌਲ ਸਪਲਾਈ ਕਰਦਾ ਸੀ। ਜਿਸ ਤੋਂ ਬਾਅਦ ਪੁਲਸ ਨੇ ਆਕਾਸ਼ ਅਤੇ ਜੀਤਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋਵਾਂ ਕੋਲੋਂ 2 ਪਿਸਤੌਲ ਬਰਾਮਦ ਕੀਤੇ। ਸ਼ਿਵਮ, ਕਰਨਬੀਰ ਅਤੇ ਮੋਹਨ ਦੇਵ ਡਰਾਈਵਰ ਸਨ। ਤਿੰਨੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਆਏ। ਜਿਸ ਤੋਂ ਬਾਅਦ ਪਿਸਤੌਲ ਬਲਜੀਤ ਅਤੇ ਅਕਾਸ਼ਦੀਪ ਨੂੰ ਵੇਚੇ ਗਏ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਿਵਮ ਖ਼ਿਲਾਫ਼ ਸਾਲ 2020 ਵਿੱਚ ਮਹਿਲੂ ਕਲੋਨੀ ਥਾਣਾ ਉੱਤਰਾਖੰਡ ਵਿਖੇ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਕਰਨਬੀਰ ਸਿੰਘ ਖ਼ਿਲਾਫ਼ ਸੈਕਟਰ-79 ਮੁਹਾਲੀ ਥਾਣੇ ਵਿੱਚ ਸਾਲ 2020 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਮੋਹਨ ਪੰਡਿਤ ਖਿਲਾਫ ਸਾਲ 2023 'ਚ ਲੋਹਦਾ ਅਲੀਗੜ੍ਹ ਥਾਣੇ 'ਚ ਅਸਲਾ ਐਕਟ ਦਾ ਮਾਮਲਾ ਦਰਜ ਹੈ। ਬਲਜੀਤ ਅਤੇ ਆਕਾਸ਼ਦੀਪ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।