ਲੁਧਿਆਣਾ: ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਬੀਤੇ ਦਿਨੀ ਲੰਗਰ ਦੇ ਵਿੱਚ ਮੀਟ ਮਿਲਾਉਣ ਦੀ ਘਟਨਾ ਤੋਂ ਬਾਅਦ ਹੁਣ ਇੱਕ ਪ੍ਰਵਾਸੀ ਵੱਲੋਂ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਸੰਗਤ ਦੇ ਵਿੱਚ ਕਾਫੀ ਰੋਸ ਹੈ। ਘਟਨਾ ਬੀਤੀ ਦੇਰ ਰਾਤ ਦੀ ਹੈ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਪ੍ਰਵਾਸੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਦੋਂ ਕੁਝ ਲੋਕਾਂ ਨੇ ਉਸ ਨੂੰ ਮੌਕੇ 'ਤੇ ਫੜ ਲਿਆ। ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਮੌਕੇ 'ਤੇ ਸੱਦ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਗੁਰਦੁਆਰਾ ਸਾਹਿਬ 'ਚ ਵੜਿਆ ਸ਼ਰਾਬੀ: ਮੁਲਜ਼ਮ ਦੀ ਸ਼ਨਾਖਤ ਸੁਰਜੀਤ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਖੁਦ ਮੰਨਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ। ਉਸ ਨੇ ਕਿਹਾ ਕਿ ਉਹ ਗਲਤੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਸੀ, ਉਹ ਇਸ ਗੱਲ ਦੀ ਗਲਤੀ ਮੰਨਦਾ ਹੈ।
ਪੁਲਿਸ ਹਵਾਲੇ ਕੀਤਾ ਪ੍ਰਵਾਣੀ ਮਜ਼ਦੂਰ: ਹਾਲਾਂਕਿ ਸੰਗਤ ਦੇ ਵਿੱਚ ਬੀਤੇ ਦਿਨਾਂ ਤੋਂ ਹੀ ਕਾਫੀ ਰੋਸ ਸੀ, ਜਿਸ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਧਰ ਮੌਕੇ 'ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਜਾ ਰਹੇ ਹਾਂ। ਉਹਨਾਂ ਕਿਹਾ ਕਿ ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੇ ਆਧਾਰ ਕਾਰਡ 'ਤੇ ਉਸ ਦਾ ਪਤਾ ਮਿਲਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਪਹਿਲਾਂ ਮੀਟ ਲਿਜਾਉਣ ਦੀ ਵਾਪਰੀ ਸੀ ਘਟਨਾ: ਕਾਬਿਲੇਗੌਰ ਹੈ ਕਿ ਹਾਲੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਸਨ। ਜਿੱਥੇ ਇੱਕ ਸ਼ਖ਼ਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਮੀਟ ਲੈ ਕੇ ਚਲਾ ਗਿਆ ਅਤੇ ਉਸ ਨੂੰ ਲੰਗਰ ਵਿੱਚ ਮਿਲਾਉਣ ਲਈ ਕਹਿ ਦਿੱਤਾ। ਜਿਸ ਤੋਂ ਬਾਅਦ ਮੌਕੇ 'ਤੇ ਹੀ ਉਸ ਨੂੰ ਸੇਵਾਦਾਰਾਂ ਵੱਲੋਂ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
- ਪਾਕਿਸਤਾਨ ਤੋਂ ਲਾਪਤਾ ਨੌਜਵਾਨ ਪੰਜਾਬ ਦੇ ਬਾਲ ਸੁਧਾਰ ਘਰ 'ਚ ਕੈਦ; ਜਾਣੋ ਕਿਵੇਂ ਪਹੁੰਚਿਆਂ ਸਰਹੱਦ 'ਤੇ, ਬੀਐਸਐਫ ਨੇ ਕੀਤਾ ਸੀ ਗ੍ਰਿਫ਼ਤਾਰ - Missing Boy From Pakistan
- ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਉਪਰਾਲਾ, ਹਿੰਦੂ ਅਤੇ ਸਿੱਖ ਭਾਈਚਾਰੇ ਨੇ ਬਣਾਇਆ ਸਾਂਝਾ ਫਰੰਟ - common front of Hindu and Sikh
- ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੀ ਫਿਲਮ ਬਾਇਕਾਟ ਕਰਨ ਦੀ ਕੀਤੀ ਮੰਗ, ਕੰਗਨਾ ਬਾਰੇ ਕਹੀ ਇਹ ਗੱਲ - Boycott of Emergency movie