ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 841 ਬੂਥ ਬਣਾਏ ਗਏ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਸਵੇਰੇ 11 ਵਜੇ ਤੱਕ ਅੰਮ੍ਰਿਤਸਰ ਵਿੱਚ 17 ਵੋਟਾਂ ਪਈਆਂ। ਇਸ ਵਿਚਾਲੇ ਵਾਰਡਾਂ ਚੋਂ ਝੜਪਾਂ ਤੇ ਹੰਗਾਮੇ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਵਾਰਡ ਨੰਬਰ 51 ਤੋਂ, ਤਾਂ ਮਰੇ ਬੰਦੇ ਦੀ ਵੋਟ ਭੁਗਤਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੁਪਹਿਰ 1 ਵਜੇ ਤੱਕ 26 ਫੀਸਦੀ ਵੋਟਿੰਗ ਦਰਜ
ਵਾਰਡ ਨੰਬਰ 85 'ਚ ਆਜ਼ਾਦ ਉਮੀਦਾਰ ਉੱਤੇ ਆਪ-ਕਾਂਗਰਸ ਵਰਕਰਾਂ ਵਲੋਂ ਗੰਭੀਰ ਇਲਜ਼ਾਮ
ਅੰਮ੍ਰਿਤਸਰ ਵਾਰਡ ਨੰਬਰ 85 ਵਿਖੇ ਵੋਟਾਂ ਸਮੇਂ ਅੱਡਾ ਮਾਹਲ ਵਿਖੇ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਦੇ ਪਤੀ ਕਮਲ ਕੁਮਾਰ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਮੀਤ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ। ਇਹ ਇਲਜ਼ਾਮ ਆਪ ਉਮੀਦਵਾਰ ਮਨਮੀਤ ਕੌਰ ਤੇ ਉਸ ਦੇ ਪਤੀ ਵਲੋਂ ਲਗਾਏ ਗਏ। ਉਨ੍ਹਾਂ ਦੇ ਹੱਕ ਵਿੱਚ ਨਿਤਰੇ ਕਾਂਗਰਸੀ ਵਰਕਰਾਂ ਨੇ ਆਜ਼ਾਦ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ। ਇਸ ਜਗ੍ਹਾ ਉੱਤੇ ਪਹਿਲਾਂ ਹੀ ਗੜਬੜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਜਿਸ ਕਰਕੇ ਭਾਵੇਂ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ।
ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਸੰਧੂ, ਪੁਲਿਸ ਥਾਣਾ ਕੰਬੋ ਦੇ ਐਸ. ਐਚ.ਓ. ਹਰਪਾਲ ਸਿੰਘ ਵੀ ਸੋਹੀ ਵੀ ਇੱਥੇ ਮੌਜੂਦ ਸਨ। ਸ਼ਿਵਦਰਸ਼ਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇੱਥੇ ਕਿਸੇ ਕਿਸਮ ਦੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜਿਸ ਨੇ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮਰੇ ਬੰਦੇ ਦੀ ਵੋਟ ਪੋਲ ਹੋਈ
ਸੈਂਟਰਲ ਹਲਕੇ ਦੇ ਵਾਰਡ 51 ਦੇ ਬੂਥ ਨੰਬਰ 5 ਉੱਤੇ ਅੱਜ ਉਸ ਸਮੇਂ ਹੰਗਾਮਾ ਹੋਇਆ, ਜਦੋਂ ਇੱਕ ਮਰੇ ਬੰਦੇ ਦੀ ਵੋਟ ਪੋਲ ਹੋਈ। ਇਸ ਤੋਂ ਬਾਅਦ ਵਾਰਡ ਨੰਬਰ 51 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਲੜ ਰਹੀ ਸ਼ਸ਼ੀ ਦੇ ਪੁੱਤਰ ਨਿਤਿਨ ਗਿੱਲ ਉਰਫ ਮਨੀ ਗਿੱਲ ਵੱਲੋਂ ਮੌਕੇ ਉੱਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੌਕੇ ਉੱਤੇ ਬੈਠੇ ਹੋਏ ਅਫਸਰਾਂ ਦੀ ਗ਼ਲਤੀ ਹੈ। ਉਨ੍ਹਾਂ ਨੇ ਚੰਗੀ ਤਰ੍ਹਾਂ ਜਾਚ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਫਸਰਾਂ ਦੀ ਗਲਤੀ ਨਾਲ ਇੱਕ ਗ਼ਲਤ ਵੋਟ ਪੋਲ ਹੋਈ ਹੈ, ਇਸ ਦਾ ਕੋਈ ਵੀ ਜਵਾਬਦੇਹ ਨਹੀਂ ਹੈ। ਨਿਤਿਨ ਨੇ ਕਿਹਾ ਕਿ ਜੇਕਰ ਇਹ ਬੂਥ ਕੈਂਸਲ ਨਾ ਹੋਇਆ, ਤਾਂ ਉਹ ਮਾਣਯੋਗ ਅਦਾਲਤ ਦਾ ਰਸਤਾ ਅਪਣਾਉਣਗੇ ਅਤੇ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।
ਪੁਲਿਸ ਵਲੋਂ ਸ਼ਿਕਾਇਤ ਦਰਜ
ਵਾਰਡ ਵਿੱਚ ਹਾਲਾਤ ਤਣਾਅਪੂਰਨ ਹੁੰਦੇ ਦੇਖ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਕਿਹਾ ਕਿ ਉਨ੍ਹਾਂ ਨੂੰ ਇੱਕ ਦਰਖਾਸਤ ਆਈ ਹੈ ਜਿਸ ਵਿੱਚ ਕਿ ਵਾਰਡ ਨੰਬਰ 51 ਵਿੱਚ ਇੱਕ ਬੂਥ ਉੱਤੇ ਗਲਤ ਵੋਟ ਪੋਲ ਹੋਣ ਦੀ ਜਾਣਕਾਰੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
'ਆਪ' ਤੇ ਕਾਂਗਰਸੀ ਵਰਕਰਾਂ 'ਚ ਝੜਪ
ਇਸ ਤੋਂ ਪਹਿਲਾਂ, ਅੰਮ੍ਰਿਤਸਰ ਦੇ ਵਾਰਡ ਨੰਬਰ 8, 9 ਅਤੇ 10 ਦੇ ਸਾਂਝੇ ਬੂਥ 'ਤੇ ਝਗੜਾ ਹੋ ਗਿਆ ਹੈ। ਇਹ ਝਗੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਹੋਇਆ। ਦੋਵਾਂ ਪਾਰਟੀਆਂ ਦੇ ਵਰਕਰਾਂ ਦਾ ਇਲਜ਼ਾਮ ਹੈ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਵੰਡੇ ਜਾ ਰਹੇ ਹਨ। ਮੌਕੇ 'ਤੇ ਮੌਜੂਦ ਪੁਲਿਸ ਨੇ ਭੀੜ ਨੂੰ ਹਟਾਇਆ। ਇਸ ਝਗੜੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਵੀ ਹੋਇਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।