ਬਰਨਾਲਾ: ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਲੋਕ ਸਭਾ ਚੋਣ ਲੜਨ ਬਾਰੇ ਸਸਪੈਂਸ ਖਤਮ ਹੋ ਗਿਆ ਹੈ। ਅੱਜ ਉਹਨਾਂ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਪ੍ਰੈਸ ਸਾਹਮਣੇ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਮੁੜ ਦਾਅਵਾ ਕੀਤਾ ਗਿਆ ਹੈ। ਉਹ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਲੜਨਗੇ।
ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ: ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦਾ ਲਿਆ ਗਿਆ ਫੈਸਲਾ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਜਦਕਿ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਉਹ ਖੁਦ ਸੰਭਾਲਣਗੇ।
ਪੰਜਾਬ ਸਰਕਾਰ ਦੇ ਝੂਠੇ ਕੇਸਾਂ ਦਾ ਮੂੰਹ ਤੋੜ ਜਵਾਬ: ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਕਿਸੇ ਵੀ ਪਾਰਟੀ ਦੀ ਟਿਕਟ 'ਤੇ ਚੋਣ ਨਹੀਂ ਲੜਨਗੇ, ਬਲਕਿ ਆਜ਼ਾਦ ਉਮੀਦਵਾਰ ਹੋਣਗੇ। ਵਕੀਲ ਖਾਲਸਾ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਸਾਰੇ ਧਰਮਾਂ ਦੇ ਲੋਕ ਖੁੱਲ੍ਹ ਕੇ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਚੋਣਾਂ ਵਿੱਚ ਜਿੱਤ ਪੰਜਾਬ ਸਰਕਾਰ ਦੇ ਝੂਠੇ ਕੇਸਾਂ ਦਾ ਮੂੰਹ ਤੋੜ ਜਵਾਬ ਹੋਵੇਗੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜੇਲ੍ਹਾਂ ਵਿਚ ਬੰਦ ਕਈ ਲੋਕਾਂ ਨੇ ਵੀ ਚੋਣਾਂ ਲੜੀਆਂ ਅਤੇ ਜਿੱਤੀਆਂ ਹਨ।
ਅਕਾਲੀ ਦਲ ਤੇ ਮਾਨ ਦਲ ਨੂੰ ਨਸੀਹਤ: ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੀਆਂ 13 ਵਿੱਚੋਂ 12 ਲੋਕ ਸਭਾ ਸੀਟਾਂ ਉੱਪਰ ਉਮੀਦਵਾਰ ਐਲਾਨ ਦਿੱਤੇ ਗਏ ਹਨ ਜਦਕਿ ਖਡੂਰ ਸਾਹਿਬ ਦੀ ਸੀਟ ਉੱਪਰ ਅਜੇ ਤੱਕ ਕੋਈ ਵੀ ਉਮੀਦਵਾਰ ਦਾ ਐਲਾਨ ਨਹੀਂ ਹੋਇਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਦੋਵੇਂ ਪਾਰਟੀਆਂ ਆਪਣੀ ਮਰਜ਼ੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇ ਸਕਦੀਆਂ ਹਨ।
ਅੰਮ੍ਰਿਤਪਾਲ ਸਿੰਘ ਦੀ ਹੋਵੇਗੀ ਇਤਿਹਾਸਕ ਜਿੱਤ: ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੀ ਕਮਾਣ ਖੁਦ ਅੰਮ੍ਰਿਤਪਾਲ ਸਿੰਘ ਦੇ ਹੱਥ ਵਿੱਚ ਹੋਵੇਗੀ। ਸਿੱਖ ਸੰਗਤਾਂ ਖੁਦ ਅੰਮ੍ਰਿਤਪਾਲ ਸਿੰਘ ਦੀ ਚੋਣ ਦਾ ਪ੍ਰਚਾਰ ਕਰਨਗੀਆਂ। ਉਹਨਾਂ ਦਾਅਵਾ ਕੀਤਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਸੀਟ ਉੱਪਰ ਇਤਿਹਾਸ ਸਿਰਜਿਆ ਜਾਵੇਗਾ। ਅੰਮ੍ਰਿਤਪਾਲ ਸਿੰਘ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕਰਨਗੇ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਅੰਮ੍ਰਿਤਪਾਲ ਸਿੰਘ ਦੀ ਮਾਂ ਨੇ ਕੀਤਾ ਸੀ ਐਲਾਨ: ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਉਸ ਦੇ ਮਾਪੇ ਪਹੁੰਚੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਹੀ ਖੁਦ ਤਸਦੀਕ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਕਿਸੇ ਵੀ ਪਾਰਟੀ ਦੇ ਬੈਨਰ ਹੇਠ ਨਹੀਂ ਸਗੋਂ ਅਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰੇਗਾ। ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਨਿੱਜੀ ਵਿਚਾਰ ਨਹੀਂ ਸੀ ਪਰ ਲੋਕਾਂ ਦੇ ਦਬਾਅ ਕਰਕੇ ਉਹ ਚੋਣ ਮੈਦਾਨ ਵਿੱਚ ਉਤਰੇਗਾ। ਇਸ ਦੇ ਨਾਲ ਹੀ ਉਹ ਆਪਣੇ ਸਾਥੀਆਂ ਨੂੰ ਵੀ ਜੇਲ੍ਹ ਤੋਂ ਬਾਹਰ ਕਢਵਾਉਣ ਦਾ ਯਤਨ ਕਰੇਗਾ।
- ਅੰਮ੍ਰਿਤਪਾਲ ਖੰਡੂਰ ਸਾਹਿਬ ਤੋਂ ਲੜੇਗਾ ਲੋਕ ਸਭਾ ਚੋਣ, ਅਜ਼ਾਦ ਉਮੀਦਵਾਰ ਵਜੋਂ ਉਤਰੇਗਾ ਮੈਦਾਨ 'ਚ, ਅੰਮ੍ਰਿਤਪਾਲ ਦੀ ਮਾਤਾ ਨੇ ਕੀਤਾ ਐਲਾਨ - Lok Sabha elections 2024
- ਸਰਬੱਤ ਖਾਲਸਾ ਦੌਰਾਨ ਥਾਪੇ ਮੁਤਵਾਜੀ ਜਥੇਦਾਰ ਮੰਡ ਵੱਲੋਂ ਲੋਕ ਸਭਾ ਚੋਣਾਂ ਨੂੰ ਵੱਡਾ ਐਲਾਨ, ਕੀਤੀ ਇਹ ਖਾਸ ਅਪੀਲ - Lok Sabha Elections
- ਅੰਮ੍ਰਿਤਪਾਲ ਵੱਲੋਂ ਚੋਣਾਂ ਲੜਨ ਦੀ ਖਬਰ ਤੇ ਉਸ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ, ਕਿਹਾ- ਅਜੇ ਨਹੀਂ ਹੋਈ ਕੋਈ ਪੁਸ਼ਟੀ - Amritpal will contest the election