ਹੈਦਰਾਬਾਦ ਡੈਸਕ: ਲੋਕ ਸਭਾ ਚੋਣ 2024 ਦੀਆਂ ਤਿਆਰੀਆਂ ਪਾਰਟੀਆਂ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਤਹਿਤ ਪਾਰਟੀ ਵਲੋਂ ਆਪੋ-ਆਪਣੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਪੰਜਾਬ ਵਿੱਚ ਇਕੱਠੇ ਚੋਣਾਂ ਨਾ ਲੜਨ ਦੇ ਐਲਾਨ ਕੀਤਾ, ਉੱਥੇ ਹੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਨਾਲ ਗਠਜੋੜ ਵਾਲੀ ਗੱਲਬਾਤ ਵੀ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੱਲਬਾਤ ਲਈ ਭਲਕੇ ਯਾਨੀ ਸੋਮਵਾਰ ਨੂੰ ਦਿੱਲੀ ਜਾ ਸਕਦੇ ਹਨ।
ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇੰਟਰਵਿਊ ਵਿੱਚ ਕਿਹਾ ਕਿ ਭਾਜਪਾ ਰਾਜਨੀਤੀ ਵਿੱਚ "ਪਰਿਵਾਰ ਨਿਯੋਜਨ" ਵਿੱਚ ਵਿਸ਼ਵਾਸ ਨਹੀਂ ਕਰਦੀ ਅਤੇ ਹਮੇਸ਼ਾਂ ਨਵੇਂ ਸਹਿਯੋਗੀਆਂ ਦਾ ਸੁਆਗਤ ਕਰਦੀ ਹੈ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ ਹੈ।
ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਫੇਲ੍ਹ: ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਦੀ ਗੱਲਬਾਤ ਰੁਕ ਗਈ ਹੈ। ਸੂਤਰਾਂ ਮੁਤਾਬਕ, ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਅਕਾਲੀ ਦਲ ਪਿਛਲੀ ਵਾਰ ਵਾਂਗ ਵੱਡੇ ਭਰਾ ਦੀ ਭੂਮਿਕਾ ਵਿਚ ਰਹਿਣਾ ਚਾਹੁੰਦਾ ਹੈ, ਪਰ ਭਾਜਪਾ ਇਸ ਵਾਰ ਵੀ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 8 ਆਪਣੇ ਅਤੇ 5 ਭਾਜਪਾ ਨੂੰ ਦੇਣਾ ਚਾਹੁੰਦਾ ਹੈ। ਹਾਲਾਂਕਿ, ਭਾਜਪਾ ਵਧਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ 6 ਸੀਟਾਂ ਦੀ ਮੰਗ ਕਰ ਰਹੀ ਹੈ।
ਭਾਜਪਾ ਦੀ ਪੰਜਾਬ ਲੀਡਰਸ਼ਿਪ ਨਹੀ ਚਾਹੁੰਦੀ ਸਮਝੌਤਾ ! : ਕਿਸਾਨ ਅੰਦੋਲਨ ਦੇ ਮੁੱਦਿਆਂ ਅਤੇ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਵੀ ਅਕਾਲੀ ਦਲ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਪੰਜਾਬ ਦੀ ਭਾਜਪਾ ਲੀਡਰਸ਼ਿਪ ਵੀ ਗਠਜੋੜ ਦੇ ਹੱਕ ਵਿੱਚ ਨਹੀਂ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਿੱਲੀ ਗਏ ਹੋਏ ਹਨ। ਉੱਥੇ ਗੱਲਬਾਤ ਹੋ ਰਹੀ ਹੈ।
ਅਕਾਲੀ ਦਲ ਦੇ ਬੁਲਾਰੇ ਦਾ ਕੀ ਕਹਿਣਾ: ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਸੀਟ ਵੰਡ ਵਰਗਾ ਕੋਈ ਮੁੱਦਾ ਨਹੀਂ ਹੈ। ਅਕਾਲੀ ਦਲ ਦੇ ਬੰਦੀ ਸਿੱਖਾਂ ਦੀ ਰਿਹਾਈ, ਕਿਸਾਨਾਂ ਦੀ ਐਮ.ਐਸ.ਪੀ ਸਮੇਤ ਕਈ ਮੁੱਦੇ ਹਨ, ਜਿਨ੍ਹਾਂ 'ਤੇ ਸਹਿਮਤੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵੀ, ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਨੂੰ ਖ਼ਤਮ ਕਰਨ ਲਈ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕੀਤਾ ਸੀ।
1997 ਵਿੱਚ ਹੋਇਆ ਸੀ ਅਕਾਲੀ-ਭਾਜਪਾ ਦਾ ਗਠਜੋੜ: ਅਸ਼ਵਨੀ ਸ਼ਰਮਾ ਦੇ ਇਸ ਬਿਆਨ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਵਿਚਕਾਰ 1997 ਗਠਜੋੜ ਹੋਇਆ ਸੀ ਜਿਸ ਦਾ ਸਲੋਗਨ ਹਿੰਦੂ-ਸਿੱਖ ਏਕਤਾ ਸੀ। ਪੰਜਾਬ ਦੇ ਕਪੂਰਥਲਾ ਵਿਖੇ ਵੱਡੀ ਰੈਲੀ ਕਰਕੇ ਅਟਲ ਬਿਹਾਰੀ ਵਾਜਪਾਈ ਅਤੇ ਪਰਕਾਸ਼ ਸਿੰਘ ਬਾਦਲ ਵੱਲੋਂ ਇਹ ਗਠਜੋੜ ਕੀਤਾ ਗਿਆ ਸੀ। ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ 1997 ਵਿੱਚ ਹੋਏ ਗਠਜੋੜ ਨੂੰ ਪੰਜਾਬ ਦੇ ਲੋਕਾਂ ਵੱਲੋਂ ਵੱਡਾ ਬਹੁਮਤ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ ਸਨ।
2020 'ਚ ਟੁੱਟਾ ਗਠਜੋੜ: ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ ਬਣਿਆ ਇਹ ਅਕਾਲੀ ਦਲ-ਭਾਜਪਾ ਦੇ ਗਠਜੋੜ ਨੇ ਪੰਜਾਬ ਵਿੱਚ ਪੰਜ ਵਿਧਾਨ ਸਭਾ ਅਤੇ ਪੰਜ ਲੋਕ ਸਭਾ ਚੋਣਾਂ ਲੜੀਆਂ ਅਤੇ ਆਖਿਰ 26 ਸਤੰਬਰ 2020 ਨੂੰ ਹਿੰਦੂ-ਸਿੱਖ ਏਕਤਾ ਧਰਮ ਬਣਿਆ ਗੱਠਜੋੜ ਖੇਤੀਬਾੜੀ ਦੇ ਮੁੱਦੇ ਨੂੰ ਲੈ ਕੇ ਟੁੱਟ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ਗਠਜੋੜ ਖ਼ਤਮ ਕਰਦਿਆ, ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ।