ਅੰਮ੍ਰਿਤਸਰ: ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਥਾਣਾ ਅਜਨਾਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਪੰਜ ਕਿੱਲੋ ਹੈਰੋਇਨ ਨਾਲ ਕਾਬੂ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਦਿਹਾਤੀ ਨੇ ਦੱਸਿਆ ਕਿ ਅਜਨਾਲਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਇਸ ਮੁਹਿੰਮ ਤਹਿਤ ਚੈਕਿੰਗ ਦੌਰਾਨ ਇੱਕ ਵੈਨਿਊ ਗੱਡੀ ਨੂੰ ਸ਼ੱਕ ਦੇ ਆਧਾਰ ਉੱਤੇ ਜਦੋਂ ਰੋਕਿਆ ਗਿਆ ਤਾਂ ਗੱਡੀ ਦੇ ਚਾਲਕ ਨੇ ਪਿੱਛੇ ਹੀ ਗੱਡੀ ਰੋਕ ਲਈ ਅਤੇ ਸ਼ੱਕੀ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਤਿੰਨ ਗ੍ਰਿਫ਼ਤਾਰ, ਦੋ ਫਰਾਰ
ਇਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦਿਆ ਨਾਕਾ ਪਾਰਟੀ ਵੱਲੋਂ ਉੱਕਤ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਾਰ ਚਾਲਕ ਦੇ ਪਿੱਛੇ ਬੈਠਾ ਦੋ ਹੋਰ ਮੁਲਜ਼ਮ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਗੱਡੀ ਵਿੱਚ ਹੋਰ ਸਵਾਰ ਮੁਲਜ਼ਮ ਮੱਖਣ ਸਿੰਘ, ਸੱਜਣ ਸਿੰਘ ਅਤੇ ਵਿਲੀਅਮ, ਡੇਰਾ ਬਾਬਾ ਨਾਨਾਕ ਜ਼ਿਲ੍ਹਾ ਬਟਾਲਾ ਨੂੰ ਕਰੀਬ 05 ਕਿੱਲੋ ਹੈਰੋਇਨ ਅਤੇ ਇੱਕ 32 ਬੋਰ ਰਿਵਾਲਵਰ, 05 ਕਾਰਤੂਸਾਂ ਸਮੇਤ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ।
ਰਿਮਾਂਡ ਦੌਰਾਨ ਖੁਲਾਸੇ ਹੋਣ ਦੀ ਸੰਭਾਵਨਾ
ਪੁਲਿਸ ਨੇ ਮੁਲਜ਼ਮ ਮੱਖਣ ਸਿੰਘ, ਸੱਜਣ ਸਿੰਘ, ਵਿਲੀਅਮ ਅਤੇ ਭੱਜਣ ਵਿੱਚ ਕਾਮਯਾਬ ਹੋਏ ਮੁਲਜ਼ਮਾਂ ਦੇ ਸਾਥੀ ਹਰਪਾਲ ਸਿੰਘ ਅਤੇ ਗੁਰਸੇਵਕ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਇਸ ਗੈਰ-ਕਨੂੰਨੀ ਵਪਾਰ ਵਿੱਚ ਸ਼ਾਮਲ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।