ਲੁਧਿਆਣਾ: ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਉਥੇ ਹੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸਾਰੀ ਜਿੰਮੇਵਾਰੀ ਆ ਗਈ ਹੈ ਅਤੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਮਾਨ ਆਪਣੇ ਵਿਧਾਇਕਾਂ ਦੀ ਅਤੇ ਲੀਡਰਾਂ ਦੀ ਕਿਲੇਬੰਦੀ ਲਈ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਚਲਾਉਣ ਜਾ ਰਹੇ ਹਨ ਤਾਂ ਜੋ ਹੋਰ ਕੋਈ ਲੀਡਰ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਰੁੱਖ ਨਾ ਕਰੇ। ਇਸ ਸਬੰਧੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਬੀਤੇ ਦਿਨ ਤੋਂ ਹੀ ਲਗਾਤਾਰ ਭਾਜਪਾ ਵੱਲੋਂ ਪਹਿਲਾ ਰਵਨੀਤ ਬਿੱਟੂ ਦੇ ਸ਼ਾਮਿਲ ਹੋਣ ਤੋਂ ਇੱਕ ਦਿਨ ਬਾਅਦ ਹੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹੇ ਅਤੇ ਮੌਜੂਦਾ 2024 ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਨ, ਇਸ ਦੇ ਨਾਲ ਹੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਵੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ, ਜਿਸ ਤੋਂ ਬਾਅਦ ਇਹਨਾਂ ਦੋਵਾਂ ਹੀ ਆਗੂਆਂ ਵੱਲੋਂ ਬੀਤੇ ਦਿਨੀ ਪ੍ਰੈੱਸ ਕਾਨਫਰਸ ਕਰਕੇ ਆਮ ਆਦਮੀ ਪਾਰਟੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਸਨ।
ਮੁੱਖ ਮੰਤਰੀ ਮਾਨ ਉੱਤੇ ਆਈ ਜ਼ਿੰਮੇਵਾਰੀ: ਆਗੂਆਂ ਦੇ ਵੱਲੋਂ ਪਾਰਟੀ ਛੱਡ ਕੇ ਜਾਣ ਤੋਂ ਬਾਅਦ ਹੁਣ ਸਾਰੀ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਗਈ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਹੁਣ ਵਿਊਤਬੰਦੀ ਬਣਾਈ ਜਾ ਰਹੀ ਹੈ ਕਿ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਇਕੱਠੇ ਕੀਤਾ ਜਾਵੇ ਅਤੇ ਉਨਾਂ ਨੂੰ ਪੂਰੇ ਭਰੋਸੇ ਦੇ ਵਿੱਚ ਲਿਆ ਜਾਵੇ।
ਆਪ ਵੱਲੋਂ 31 ਮਾਰਚ ਨੂੰ ਪ੍ਰਦਰਸ਼ਨ: ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਇੱਕ ਵੱਡਾ ਇਕੱਠ 31 ਮਾਰਚ ਨੂੰ ਦਿੱਲੀ ਦੇ ਵਿੱਚ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲਗਾਤਾਰ ਵਿਧਾਇਕਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਤੋਂ ਵੀ ਵਿਧਾਇਕ ਇਕੱਠੇ ਹੋ ਕੇ ਦਿੱਲੀ ਕੂਚ ਕਰਨਗੇ ਅਤੇ ਉੱਥੇ ਵੱਡੇ ਪੱਧਰ ਉੱਤੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।