ਅੰਮ੍ਰਿਤਸਰ: ਤਿਉਹਾਰਾਂ ਦੇ ਮੱਦੇਨਜ਼ਰ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਸ਼ਹਿਰ ਦੇ ਬਾਜ਼ਾਰਾਂ ਵਿੱਚ ਛਾਪੇਮਾਰੀ ਕਰਕੇ ਵੱਖ-ਵੱਖ ਪਦਾਰਥਾਂ ਦੇ ਸੈਂਪਲ ਭਰੇ ਗਏ ਹਨ ਅਤੇ ਇਸ ਦੇ ਨਾਲ ਹੀ ਫੂਡ ਸਪਲਾਈ ਵਿਭਾਗ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦੀ ਭਿਣਕ ਪੈਂਦਿਆਂ ਹੀ ਸ਼ਹਿਰ ਦੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਮੌਕੇ ਤੋਂ ਰਫੂਚੱਕਰ ਹੋ ਗਏ। ਦਰਅਸਲ ਅੰਮ੍ਰਿਤਸਰ 'ਚ ਚੇਤਰ ਦੇ ਨਰਾਤਿਆਂ ਦੇ ਚੱਲਦੇ ਜਿੱਥੇ ਲੋਕਾਂ ਵੱਲੋਂ ਵਰਤ ਰੱਖੇ ਜਾਂਦੇ ਹਨ, ਉਥੇ ਉਦੋਂ ਬਾਜ਼ਾਰ ਵਿੱਚ ਵਿਕਣ ਵਾਲੇ ਸਮਾਨ ਜਿਵੇਂ ਕਿ ਆਟਾ ,ਚਾਵਲ ਤੇ ਚਿਪਸ ਵਗੈਰਾ ਵਿੱਚ ਕਾਫੀ ਮਿਲਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਦੇ ਚੱਲਦੇ ਫੂਡ ਸਪਲਾਈ ਅਧਿਕਾਰੀਆਂ ਵੱਲੋਂ ਢਾਬ ਦੇ ਵਿੱਚ ਸਵਾਂਕ ਮੰਡੀ ਤੇ ਮਾਰਵਾੜੀ ਬਾਜ਼ਾਰ ਦੇ ਵਿੱਚ ਰੇਡ ਕੀਤੀ ਗਈ ਹੈ।
ਦੁਕਾਨਾਂ ਬੰਦ ਕਰਕੇ ਭੱਜੇ ਕਈ ਦੁਕਾਨਦਾਰ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੂਡ ਸਪਲਾਈ ਅਧਿਕਾਰੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਨਵਰਾਤਰੀਆਂ ਦੇ ਵਿੱਚ ਲੋਕਾਂ ਨੂੰ ਮਿਲਾਵਟੀ ਸਮਾਨ ਵੇਚਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਅਸੀਂ ਢਾਬ ਦੇ ਵਿੱਚ ਸਵਾਂਕ ਮੰਡੀ ਪੁੱਜੇ ਹਾਂ ਜਿੱਥੇ ਸਾਡੇ ਵੱਲੋਂ ਰੇਡ ਕੀਤੀ ਗਈ ਪਰ ਉੱਥੇ ਜਦੋਂ ਅਸੀਂ ਰੇਡ ਕਰਨ ਲਈ ਪਹੁੰਚੇ ਤਾਂ ਵੇਖਣ ਨੂੰ ਆਇਆ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾ ਇਕ ਗਲਤ ਸੁਨੇਹਾ ਜਾਂਦਾ ਹੈ ਜਦਕਿ ਦੁਕਾਨਦਾਰਾਂ ਨੂੰ ਚਾਹੀਦਾ ਸੀ ਕਿ ਸਾਡਾ ਸਾਥ ਦਿੰਦੇ।
ਲੋਕਾਂ 'ਚ ਗਿਆ ਗਲਤ ਸੁਨੇਹਾ: ਉਨ੍ਹਾਂ ਕਿਹਾ ਕਿ ਨਰਾਤਿਆਂ ਵਿੱਚ ਮਿਲਾਵਟੀ ਸਮਾਨ ਵਿਕਣ ਦੀ ਸ਼ਿਕਾਇਤ ਮਿਲ ਰਹੀ ਸੀ, ਜਿਸ ਦੇ ਚੱਲਦੇ ਉਹ ਸੈਂਪਲ ਭਰਨ ਲਈ ਆਏ ਸਨ। ਉਹਨਾਂ ਕਿਹਾ ਕਿ ਇਸ ਛਾਪੇਮਾਰੀ ਦੌਰਾਨ ਜੇਕਰ ਦੁਕਾਨਦਾਰ ਸਹੀ ਸਨ ਤਾਂ ਉਹਨਾਂ ਨੂੰ ਦੁਕਾਨਾਂ ਬੰਦ ਕਰਨ ਦੀ ਬਜਾਏ ਸੈਂਪਲ ਭਰਵਾਉਣੇ ਚਾਹੀਦੇ ਸਨ। ਅਧਿਕਾਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਚੰਗਾ ਸੁਨੇਹਾ ਜਾਂਦਾ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਦੁਕਾਨ ਪ੍ਰਤੀ ਖਾਦ ਪਦਾਰਥਾਂ ਦੀ ਭਰੋਸੇਯੋਗਤਾ ਵੀ ਵੱਧਦੀ, ਪਰ ਅਜਿਹਾ ਕਰਨ ਦੇ ਨਾਲ ਦੁਕਾਨਦਾਰ ਸ਼ੱਕ ਦੇ ਘੇਰੇ ਵਿੱਚ ਹਨ।
ਦੁਕਾਨਦਾਰਾਂ ਨੂੰ ਕੀਤੀ ਖਾਸ ਅਪੀਲ: ਉਨ੍ਹਾਂ ਕਿਹਾ ਕਿ ਇਹ ਖੁਦ ਹੀ ਦੁਕਾਨਾਂ ਬੰਦ ਕਰਕੇ ਭੱਜ ਗਏ ਪਰ ਸਾਡੇ ਵੱਲੋਂ ਕਈ ਦੁਕਾਨਾਂ 'ਤੇ ਸੈਂਪਲ ਭਰ ਲਏ ਗਏ ਹਨ। ਜਿਸ ਵਿੱਚ ਜਿਵੇਂ ਕਿ ਵਰਤ ਵਾਲਾ ਆਟਾ, ਚਿਪਸ ਵਗੈਰਾ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਦੁਕਾਨ 'ਤੇ ਸਮਾਨ ਲੈਣ ਜਾਂਦੇ ਹਨ, ਉਸ ਦੀ ਮਿਆਦ ਮਿਤੀ ਜ਼ਰੂਰ ਚੈੱਕ ਕੀਤੀ ਜਾਵੇ। ਉੱਥੇ ਹੀ ਦੁਕਾਨਦਾਰ ਨੇ ਦੱਸਿਆ ਕਿ ਅੱਜ ਫੂਡ ਸਪਲਾਈ ਦੇ ਅਧਿਕਾਰੀ ਸਾਡੀ ਦੁਕਾਨ 'ਤੇ ਆਏ ਸਨ। ਉਹਨਾਂ ਸਾਡੀ ਦੁਕਾਨ ਤੇ ਚੈਕਿੰਗ ਕੀਤੀ ਤੇ ਉਹਨਾਂ ਸਾਨੂੰ ਆਦੇਸ਼ ਜਾਰੀ ਕੀਤੇ ਕਿ ਆਪਣੀ ਦੁਕਾਨ 'ਤੇ ਸਾਫ ਸਫਾਈ ਰੱਖੋ, ਜਿਸ ਦਾ ਅਸੀਂ ਪਾਲਣ ਕਰਾਂਗੇ।