ਬਠਿੰਡਾ: ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਦੀਪਕ ਟੀਨੂੰ ਬਠਿੰਡਾ ਕੇਂਦਰੀ ਜੇਲ੍ਹ ਅੰਦਰ ਬੰਦ ਹੈ। ਇੱਥੇ ਜੇਲ੍ਹ ਅੰਦਰ ਹੀ ਮੁਲਜ਼ਮ ਵਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ, ਉਹ ਪੁਲਿਸ ਅਧਿਕਾਰੀਆਂ ਨਾਲ। ਖ਼ਬਰ ਹੈ ਕਿ ਦੀਪਕ ਟੀਨੂੰ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਨਾਲ ਹੱਥੋਂ ਪਾਈ ਕੀਤੀ ਗਈ। ਇੰਨਾ ਹੀ ਨਹੀਂ, ਸਹਾਇਕ ਸੁਪਰਡੈਂਟ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਬਠਿੰਡਾ ਪੁਲਿਸ ਨੇ ਗੈਂਗਸਟਰ ਦੀਪਕ ਮੁੰਡੀ ਸਣੇ ਚਾਰ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਜੇਲ ਸੁਪਰਡੈਂਟ ਜਸਪਾਲ ਸਿੰਘ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਪਹਿਲਾਂ, ਪੰਜਾਬ ਪੁਲਿਸ AGTF ਨੇ ਲਾਰੇਂਸ ਬਿਸ਼ਨੋਈ ਦੇ ਸਹਿਯੋਗੀ ਛੋਟਾ ਮਨੀ ਅਤੇ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਮੂਸੇ ਵਾਲਾ ਦੇ ਕਤਲ ਲਈ ਛੁਪਣਗਾਹਾਂ ਮੁਹੱਈਆ ਕਰਵਾਈਆਂ ਅਤੇ ਦੀਪਕ ਟੀਨੂੰ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਹ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਲਈ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਵਿਦੇਸ਼ੀ ਹੈਂਡਲਰਾਂ ਦੁਆਰਾ ਨਿਸ਼ਾਨਾ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਬਿਸ਼ਨੋਈ ਨੇ ਮਨੀ ਨੂੰ ਵਿਦੇਸ਼ ਵਿੱਚ ਵਸਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ।
ਜ਼ਿਕਰਯੋਗ ਹੈ ਕਿ ਟੀਨੂੰ ਕਥਿਤ ਤੌਰ 'ਤੇ ਮੂਸੇ ਵਾਲਾ ਦੇ ਕਤਲ ਦੀ ਯੋਜਨਾ ਵਿਚ ਸ਼ਾਮਲ ਰਿਹਾ। ਸਿੱਧੂ ਮੂਸੇ ਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਜੀਪ ਵਿੱਚ ਮਾਨਸਾ ਦੇ ਪਿੰਡ ਜਵਾਹਰ ਕੇ ਜਾ ਰਿਹਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੀ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।