ਲੁਧਿਆਣਾ: ਬੀਤੇ ਕੱਲ ਕੇਂਦਰੀ ਚੋਣ ਕਮਿਸ਼ਨ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ 17ਵੀਂ ਲੋਕ ਸਭਾ ਦਾ ਕਾਰਜਕਾਰਲ 16 ਜੂਨ 2024 ਨੂੰ ਪੂਰਾ ਹੋ ਰਿਹਾ ਹੈ। 7 ਗੇੜਾਂ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਲਈ ਵੋਟਾਂ ਪੈਣਗੀਆਂ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਆਖਰੀ ਗੇੜ੍ਹ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦਾ ਨਤੀਜਾ 4 ਜੂਨ ਨੂੰ ਸੁਣਾਇਆ ਜਾਵੇਗਾ। ਲੋਕ ਸਭਾ ਚੋਣਾਂ ਦੇ ਐਲਾਨ ਨਾਲ ਪੰਜਾਬ ਵਿੱਚ ਮੁਕਾਬਲਾ ਦਿਲਚਸਪ ਬਣਦਾ ਦਿਖਾਈ ਦੇ ਰਿਹਾ ਹੈ।
ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਸਿਆਸੀ ਪਾਰੀਟਆਂ ਦਾ ਲੋਕਾਂ ਨਾਲ ਵਾਅਦੇ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਖੰਨਾ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ। ਜਿੱਥੇ ਸਮਰਾਲਾ ਰੋਡ 'ਤੇ ਸਥਿਤ ਮਾਡਲ ਟਾਊਨ 'ਚ ਜਨਤਕ ਮੀਟਿੰਗ ਕੀਤੀ ਗਈ। ਜਨ ਸਭਾ ਵਿੱਚ ਜੀਪੀ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਸੰਸਦ ਵਿੱਚ ਭੇਜਿਆ ਜਾਂਦਾ ਹੈ ਤਾਂ ਉਹ ਫਤਹਿਗੜ੍ਹ ਸਾਹਿਬ ਵਿੱਚ ਪੀਜੀਆਈ ਵਰਗਾ ਵੱਡਾ ਹਸਪਤਾਲ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ।
ਜੀਪੀ ਨੇ ਕਿਹਾ, ਸਿਹਤ ਸਹੂਲਤਾਂ ਦੀ ਘਾਟ: ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਸਿਹਤ ਸਹੂਲਤਾਂ ਦੀ ਘਾਟ ਹੈ। ਲੋਕਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਹੈ। ਪਰ ਉੱਥੇ ਇੰਨੀ ਭੀੜ ਹੁੰਦੀ ਹੈ ਕਿ ਲੋਕਾਂ ਨੂੰ ਬੈਡ ਵੀ ਨਹੀਂ ਮਿਲਦਾ। ਇਲਾਜ ਵਿੱਚ ਦੇਰੀ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਦੀ ਪਹਿਲ ਇਹ ਹੋਵੇਗੀ ਕਿ ਜੇਕਰ ਇੱਥੋਂ ਦੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਤਾਂ ਉਹ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਿੱਚ ਇੱਕ ਹਜ਼ਾਰ ਬੈੱਡਾਂ ਦੀ ਸਮਰੱਥਾ ਵਾਲਾ ਪੀਜੀਆਈ ਹਸਪਤਾਲ ਬਣਾਉਣ ਦੀ ਮੰਗ ਕਰਨਗੇ।
'ਕਾਂਗਰਸ ਵਿੱਚ ਕੁਝ ਵੀ ਨਹੀਂ ਬਚਿਆ': ਕਾਂਗਰਸੀਆਂ ਵੱਲੋਂ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਣ 'ਤੇ ਜੀਪੀ ਉੱਪਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਂਗਰਸ 'ਚ ਕੁਝ ਵੀ ਨਹੀਂ ਬਚਿਆ। ਕਾਂਗਰਸ ਵਿੱਚ ਚਾਰ-ਪੰਜ ਆਗੂ ਸਿਰਫ਼ ਮੁੱਖ ਮੰਤਰੀ ਦੀ ਲੜਾਈ ਲੜ ਰਹੇ ਹਨ। ਉਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ। ਇੱਥੋਂ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਕਾਂਗਰਸ ਨਾਲ ਜੁੜੇ ਵਰਕਰ 'ਆਪ' 'ਚ ਸ਼ਾਮਲ ਹੋ ਗਏ ਹਨ। ਕਾਂਗਰਸ ਦਾ ਕੋਈ ਵਜੂਦ ਨਹੀਂ ਹੈ।
'ਮੌਜੂਦਾ ਸੰਸਦ ਮੈਂਬਰ ਦੀ ਕਾਰਜਸ਼ੈਲੀ ਕਿਸੇ ਤੋਂ ਲੁਕੀ ਨਹੀਂ ਹੈ': ਮੌਜੂਦਾ ਸੰਸਦ ਮੈਂਬਰ ਡਾ: ਅਮਰ ਸਿੰਘ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਉਂਦੇ ਹੋਏ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਡਾ: ਅਮਰ ਸਿੰਘ ਦੀ ਕਾਰਜਸ਼ੈਲੀ ਕਿਸੇ ਤੋਂ ਲੁਕੀ ਨਹੀਂ ਹੈ। ਡਾ: ਅਮਰ ਸਿੰਘ ਨੇ ਇਲਾਕੇ ਲਈ ਕੁਝ ਨਹੀਂ ਕੀਤਾ। ਕੋਈ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ। ਉਹ ਲੋਕਾਂ ਦੇ ਭਰੋਸੇ 'ਤੇ ਖਰਾ ਨਹੀਂ ਉਤਰੇ। ਲੋਕਾਂ ਦੇ ਸੁੱਖ-ਦੁੱਖ ਵਿੱਚ ਭਾਗ ਨਹੀਂ ਲਿਆ। ਜਿਸ ਕਾਰਨ ਲੋਕ ਉਹਨਾਂ ਤੋਂ ਬਹੁਤ ਨਾਰਾਜ਼ ਹਨ।
'ਸਭ ਤੋਂ ਵੱਡੀ ਲੀਡ ਨਾਲ ਜਿੱਤ ਦਾ ਦਾਅਵਾ':ਖੰਨਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪਾਰਟੀ ਨੇ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਉਮੀਦਵਾਰ ਐਲਾਨਿਆ ਹੈ। ਉਹ ਖੰਨਾ ਹਲਕਾ ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕ ਵਿਧਾਨ ਸਭਾ ਵਾਂਗ ਲੋਕ ਸਭਾ ਵਿੱਚ ਵੀ ‘ਆਪ’ ਦੇ ਹੱਕ ਵਿੱਚ ਫਤਵਾ ਜਾਰੀ ਕਰਨਗੇ।