ਬਰਨਾਲਾ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਮੀਟਿੰਗਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ 'ਆਪ' ਸਰਕਾਰ ਅਤੇ ਕੈਬਨਿਟ ਮੰਤਰੀ ਦੇ ਕਾਰਜਕਾਲ ਵਿੱਚ ਆਪਣੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਸਾਹਮਣੇ ਰੱਖ ਰਹੇ ਹਨ। ਮੀਤ ਹੇਅਰ ਇਹੋ ਕਹਿ ਰਹੇ ਹਨ ਕਿ ਦੋ ਸਾਲਾਂ ਵਿੱਚ ਮਾਨ ਸਰਕਾਰ ਅਤੇ ਉਸ ਕੀਤੇ ਕੰਮ ਦੇਖ ਲਓ, ਫਿਰ ਵੋਟ ਪਾਉਣ ਦਾ ਜਿੱਧਰ ਮਰਜ਼ੀ ਫੈਸਲਾ ਕਰ ਲਓ। ਮੀਤ ਹੇਅਰ ਨੇ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਪਿੰਡ ਵਾਸੀਆਂ ਦੇ ਵੱਡੇ ਇਕੱਠ ਜੁੜੇ। ਮੀਤ ਹੇਅਰ ਨੇ ਦੌਰੇ ਦੀ ਸ਼ੁਰੂਆਤ ਪਿੰਡ ਧੌਲਾ, ਰੂੜੇਕੇ ਕਲਾਂ, ਧੂਰਕੋਟ, ਪੱਖੋ ਕਲਾਂ, ਤਾਜੋਕੇ, ਢਿੱਲਵਾਂ, ਸੁਖਪੁਰਾ, ਘੁੰਨਸ ਤੋਂ ਕੀਤੀ।
ਸਰਕਾਰ ਨੇ ਹੁਣ ਤੱਕ ਕੀਤੇ ਇਹ ਕੰਮ: ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ ਦੋ ਸਾਲਾਂ ਵਿੱਚ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਕਿਸਾਨਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ, ਫਸਲਾਂ ਦਾ ਮੰਡੀਕਰਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ, ਤੀਰਥ ਬੱਸ ਯਾਤਰਾ, ਟੋਲ ਪਲਾਜ਼ੇ ਬੰਦ ਕਰਨੇ, 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ, ਸੜਕ ਸੁਰੱਖਿਆ ਫੋਰਸ ਬਣਾਉਣੀ, ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਵੱਡੇ ਕੰਮ ਕੀਤੇ ਹਨ।
ਬਰਨਾਲਾ ਲਈ ਮੀਤ ਹੇਅਰ ਨੇ ਕੀਤੇ ਇਹ ਕੰਮ: ਮੀਤ ਹੇਅਰ ਨੇ ਕਿਹਾ ਕਿ ਬਤੌਰ ਕੈਬਨਿਟ ਮੰਤਰੀ ਉਨ੍ਹਾਂ ਨੇ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ, ਖੇਡ ਨਰਸਰੀਆਂ ਦੀ ਸਥਾਪਨਾ, ਟੇਲਾਂ ਤੱਕ ਪਾਣੀ ਪਹੁੰਚਾਇਆ, ਨਵੀਂ ਨਹਿਰ ਦੀ ਯੋਜਨਾ ਅਤੇ ਬੰਦ ਪਏ ਖਾਲ ਸ਼ੁਰੂ ਕਰਵਾਉਣਾ, ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੰਦਿਆਂ ਬੋਰਡਾਂ ਉਪਰ ਪੰਜਾਬੀ ਭਾਸ਼ਾ ਲਿਖਣਾ ਆਦਿ ਪ੍ਰਮੁੱਖ ਕੰਮ ਕੀਤੇ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਅਤੇ ਐਸ.ਵਾਈ.ਐਲ. ਦੇ ਹੱਕ ਵਿੱਚ ਦਲੀਲਾਂ ਸਹਿਤ ਡਟ ਕੇ ਪਹਿਰਾ ਦਿੱਤਾ।ਬਰਨਾਲਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਥਾਪਰ ਮਾਡਲ ਉਪਰ ਛੱਪੜਾਂ ਦਾ ਨਵੀਨੀਕਰਨ ਕੀਤਾ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਸੱਭਿਆਚਾਰ ਪੈਦਾ ਕੀਤਾ।
AAP ਦੇ ਦੋ ਸਾਲਾਂ 'ਚ ਕੀਤੇ ਕੰਮਾਂ ਤੋਂ ਲੋਕ ਖੁਸ਼: ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅੱਜ ਉਹਨਾਂ ਵਲੋਂ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਵਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਕੱਲਾ ਬਰਨਾਲਾ ਹੀ ਨਹੀਂ, ਬਲਕਿ ਸੰਗਰੂਰ ਲੋਕ ਸਭਾ ਹਲਕੇ ਵਿੱਚੋਂ ਵੀ ਵਧੀਆ ਸਾਥ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਹਨ। ਮੀਤ ਹੇਅਰ ਨੇ ਕਿਹਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ, ਦੂਜੀਆਂ ਪਾਰਟੀਆਂ ਦਾ ਆਪਸ ਵਿੱਚ ਦੂਜੇ ਨੰਬਰ ਲਈ ਮੁਕਾਬਲਾ ਚੱਲ ਰਿਹਾ ਹੈ।
ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਸਿਆਸੀ ਅੰਤ: ਪੰਜਾਬ ਦੇ ਪਾਣੀਆਂ ਨੂੰ ਲੈਕੇ ਮੀਤ ਹੇਅਰ ਨੇ ਕਿਹਾ ਕਿ ਐਸਵਾਈਐਲ ਸ਼ੁਰੂ ਕਰਨ ਲਈ ਅਕਾਲੀ ਦਲ ਨੇ ਸਮਝੌਤੇ ਕੀਤੇ। ਅਕਾਲੀ ਦਲ ਦੀ ਲੰਮਾ ਸਮਾਂ ਸਰਕਾਰ ਰਹੀ, ਪਰ ਪੰਜਾਬ ਦੇ ਪਾਣੀਆਂ ਜਾਂ ਲੋਕ ਹਿੱਤ ਦਾ ਕੋਈ ਫ਼ੈਸਲਾ ਨਹੀ ਲਿਆ। ਜਦਕਿ ਸੱਤਾ ਤੋਂ ਬਾਹਰ ਆ ਕੇ ਇਹਨਾਂ ਨੂੰ ਪੰਜਾਬ ਯਾਦ ਆ ਜਾਂਦਾ ਹੈ। ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਸਿਆਸੀ ਅੰਤ ਹੋ ਚੁੱਕਿਆ ਹੈ ਅਤੇ ਹੁਣ ਹਰਸਿਮਰਤ ਕੌਰ ਬਾਦਲ ਨੂੰ ਵੀ ਬਠਿੰਡਾ ਤੋਂ ਹਾਰ ਦਾ ਮੂੰਹ ਦੇਖਣਾ ਪਵੇਗਾ। ਸੁਖਬੀਰ ਬਾਦਲ ਵਲੋਂ ਪੰਜਾਬ ਲਈ ਕੰਮ ਕਰਨ ਸਬੰਧੀ ਦਿੱਤੇ ਬਿਆਨ ਬਾਰੇ ਮੀਤ ਹੇਅਰ ਨੇ ਕਿਹਾ ਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਪੰਜਾਬ ਲਈ ਕੰਮ ਕਰ ਰਹੇ ਹਾਂ। ਸਾਡੀ ਸਰਕਾਰ ਨੇ ਪੰਜਾਬ ਲਈ ਪਿਛਲੇ ਦੋ ਸਾਲਾਂ ਵਿੱਚ ਜਿੰਨੇ ਕੰਮ ਕੀਤੇ ਹਨ, ਉਨੇ ਕਿਸੇ ਵੀ ਪਾਰਟੀ ਨੇ ਨਹੀਂ ਕੀਤੇ।
- ਵੱਧਦੀ ਗਰਮੀ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਦਾ ਬਦਲਿਆ ਸਮਾਂ, ਕੱਲ੍ਹ ਤੋਂ ਲਾਗੂ ਹੋਣਗੇ ਹੁਕਮ - School timing Changed
- ਭੈਣ ਹਰਸਿਮਰਤ ਬਾਦਲ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਬਿਕਰਮ ਮਜੀਠੀਆ ਨੇ ਵਿਰੋਧੀਆਂ ਨੂੰ ਲਾਏ ਰਗੜੇ - Lok Sabha Elections
- ਬਰਨਾਲਾ ਦੇ ਪਿੰਡ ਠੀਕਰੀਵਾਲਾ 'ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨਾਂ ਵਲੋਂ ਵਿਰੋਧ - Lok Sabha Elections