ਬਰਨਾਲਾ : ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਬਰਨਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਲੜ ਰਹੇ ਸਨ। ਜਿਹਨਾਂ ਵਲੋਂ ਇਹ ਸੀਟ ਵੱਡੀ ਲੀਡ ਨਾਲ ਜਿੱਤੀ ਗਈ ਹੈ। ਉਹਨਾਂ ਕਾਂਗਰਸ ਪਾਰਟੀ ਦੇ ਦਿੱਗਜ਼ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਪੰਥਕ ਰਾਜਨੀਤੀ ਦੇ ਦਿੱਗਜ਼ ਚਿਹਰੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਹੈ। ਮੀਤ ਹੇਅਰ ਦੀ ਜਿੱਤ ਨੂੰ ਲੈ ਕੇ ਉਹਨਾਂ ਦੇ ਬਰਨਾਲਾ ਵਿਖੇ ਘਰ ਵਿੱਚ ਜਸ਼ਨਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਉਹਨਾਂ ਦੇ ਘਰ ਪਹੁੰਚ ਦੇ ਮੀਤ ਹੇਅਰ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਗਈ ਹੈ। ਮੀਤ ਹੇਅਰ ਦੀ ਮਾਤਾ ਅਤੇ ਹੋਰ ਔਰਤਾਂ ਵਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਜਸ਼ਨ ਮਨਾਏ ਗਏ ਹਨ। ਉਥੇ ਹੀ ਪਾਰਟੀ ਵਰਕਰਾਂ ਵਲੋਂ ਲੱਡੂ ਵੰਡੇ ਗਏ।
'ਪਾਰਟੀ ਦੇ ਵਾਲੰਟੀਅਰਾਂ ਦੀ ਜਿੱਤ': ਇਸ ਮੌਕੇ ਗੱਲਬਾਤ ਕਰਦਿਆਂ ਮੀਤ ਹੇਅਰ ਦੇ ਪਿਤਾ ਇਹ ਉਹਨਾਂ ਦੀ ਪਾਰਟੀ ਅਤੇ ਪਾਰਟੀ ਦੇ ਵਾਲੰਟੀਅਰਾਂ ਦੀ ਜਿੱਤ ਹੈ। ਮੀਤ ਹੇਅਰ ਪਹਿਲਾਂ ਵਾਂਗ ਲੋਕਾਂ ਦਾ ਸੇਵਾ ਕਰੇਗਾ ਅਤੇ ਲੋਕਾਂ ਦੇ ਮਸਲੇ ਹੱਲ ਕਰਾਵੇਗਾ। ਉਹਨਾਂ ਦੀ ਮਾਤਾ ਨੇ ਮੀਤ ਹੇਅਰ ਦੀ ਜਿੱਤ ਲਈ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਜਿੱਤ ਹੋਈ ਅਤੇ ਇਸ ਵਾਰ ਤੀਜੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਵਰਕਰਾਂ ਨੇ ਬਹੁਤ ਹੀ ਜਿਆਦਾ ਸਾਥ ਦਿੱਤਾ।
ਉਥੇ ਮੀਤ ਹੇਅਰ ਦੀ ਪਤਨੀ ਗੁਰਲੀਨ ਕੌਰ ਨੇ ਕਿਹਾ ਕਿ ਸਾਡੇ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ। ਮੀਤ ਹੇਅਰ ਦੀ ਜਿੱਤ ਲਈ ਉਹ ਲੋਕ ਸਭਾ ਹਲਕਾ ਸੰਗਰੂੂਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਅਸੀਂ ਜੋ ਵੀ ਵਾਅਦੇ ਕੀਤੇ ਹਨ, ਉਹ ਪੂਰੇ ਕਰਾਂਗੇ। ਮੀਤ ਹੇਅਰ ਅੱਗੇ ਪਾਰਲੀਮੈਂਟ ਜਾ ਕੇ ਲੋਕਾਂ ਦੇ ਮੁੱਦੇ ਜ਼ੋਰ ਸ਼ੋਰ ਨਾਲ ਚੱਕੇਗਾ।
ਇਸ ਮੌਕੇ ਪਾਰਟੀ ਦੀ ਮਹਿਲ ਵਿੰਗ ਦੀ ਜਿਲ੍ਹਾ ਪ੍ਰਧਾਨ ਜਸਵੰਤ ਕੌਰ ਨੇ ਕਿਹਾ ਕਿ ਮੀਤ ਹੇਅਰ ਇੱਕ ਨੌਜਵਾਨ ਤੇ ਪੜਿਆ ਲਿਖਿਆ ਨੇਤਾ ਹੈ। ਜਿਸਨੂੰ ਪਤਾ ਹੈ ਲੋਕਾਂ ਦੇ ਵਿਕਾਸ ਦੇ ਕੰਮ ਕਿਸ ਤਰ੍ਹਾਂ ਕਰਨੇ ਹਨ। ਇਸੇ ਕਰਕੇ ਹਲਕੇ ਦੇ ਲੋਕਾਂ ਨੇ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਹੈ। ਉਹਨਾਂ ਕਿਹਾ ਕਿ ਮੀਤ ਹੇਅਰ ਉਪਰ ਹੁਣ 9 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦੀ ਜਿੰਮੇਵਾਰੀ ਹੈ ਅਤੇ ਉਮੀਦ ਕਰਦੇ ਹਾਂ ਕਿ ਉਹ ਲੋਕਾਂ ਦੀਆਂ ਉਮੀਦਾਂ ਉਪਰ ਖ਼ਰੇ ਉਤਰਨਗੇ।
ਵਿਧਾਇਕ ਅਤੇ ਕੈਬਨਿਟ ਮੰਤਰੀ : ਗੁਰਮੀਤ ਸਿੰਘ ਮੀਤ ਹੇਅਰ
ਉਮਰ : 35 ਸਾਲ
ਸਿਆਸੀ ਪਾਰਟੀ : ਆਮ ਆਦਮੀ ਪਾਰਟੀ
ਪ੍ਰੋਫ਼ਾਇਲ : 2012 ’ਚ ਆਮ ਆਦਮੀ ਪਾਰਟੀ ਦੇ ਮੈਂਬਰ ਬਣਕੇ ਪੰਜਾਬ ’ਚ ਚਾਰ ਮੈਂਬਰੀ ਯੂਥ ਕਮੇਟੀ ’ਚ ਮੈਂਬਰ ਨਿਯੁਕਤ ਹੋਏ। ਪਹਿਲਾਂ ਯੂਥ ਵਿੰਗ ਦੇ ਇੰਚਾਰਜ਼ ਤੇ ਫ਼ਿਰ ਪੰਜਾਬ ਪ੍ਰਧਾਨ ਬਣੇ।
ਪੜ੍ਹਾਈ : ਬੀ.ਟੈੱਕ ਮਕੈਨੀਕਲ ਇੰਜਨੀਅਰਿੰਗ
ਪਰਿਵਾਰ : ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਵਿਆਹ ਡਾ. ਗੁਰਵੀਨ ਕੌਰ ਨਾਲ ਹੋਇਆ। ਕੈਬਨਿਟ ਮੰਤਰੀ ਬਣਨ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਵੀ ਉਨ੍ਹਾਂ ਨਾਲ ਚੰਡੀਗੜ੍ਹ ਰਹਿ ਰਹੇ ਹਨ।
ਕਾਰਜਕਾਲ : 2017 ਤੋਂ ਹੁਣ ਤੱਕ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ।
- 2017 ’ਚ ਵਿਧਾਨ ਸਭਾ ਚੋਣਾਂ ਮੌਕੇ ਪਹਿਲੀ ਵਾਰ ਹਲਕਾ ਬਰਨਾਲਾ ਤੋਂ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੂੰ 47606 ਵੋਟਾਂ ਪਈਆਂ ਤੇ ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨੂੰ 16495 ਵੋਟਾਂ ਦੇ ਫ਼ਰਕ ਨਾਲ ਹਰਾਇਆ।
- 2022 ’ਚ ਵਿਧਾਨ ਸਭਾ ਚੋਣਾਂ ਮੌਕੇ ਦੂਜੀ ਵਾਰ ਹਲਕਾ ਬਰਨਾਲਾ ਤੋਂ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੂੰ 64800 ਵੋਟਾਂ ਪਈਆਂ ਤੇ ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨੂੰ 37622 ਵੋਟਾਂ ਦੇ ਫ਼ਰਕ ਨਾਲ ਹਰਾਇਆ।
- 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਭਗਵੰਤ ਮਾਨ ਦੇ ਮੈਂਬਰ ਪਾਰਲੀਮੈਂਟ ਤੋਂ ਮੁੱਖ ਮੰਤਰੀ ਬਣਨ ਕਾਰਨ ਖ਼ਾਲੀ ਹੋਈ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਮੌਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਰਨਾਲਾ ਹਲਕੇ ਤੋਂ ਕਰੀਬ 2 ਹਜ਼ਾਰ ਤੋਂ ਵੱਧ ਵੋਟਾਂ ’ਤੇ ਹਾਰ ਗਿਆ ਸੀ। ਹੁਣ ਉਸ ਵੋਟ ਬੈਂਕ ਨੂੰ ਵਾਧਾ ਕਰਦੇ ਹੋਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 169128 ਦੀ ਲੀਡ ਨਾਲ ਕੁੱਲ 3,60,933 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ।