ਅੰਮ੍ਰਿਤਸਰ: ਅੰਮ੍ਰਿਤਸਰ ਦੇਰ ਰਾਤ ਥਾਣਾ ਸੀ ਡਵੀਜ਼ਨ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਧਰਨਾ ਲਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਐਸਐਚਉ ਦਾ ਗੰਨਮੈਨ ਕਿਸੇ ਪਟਾਕੇ ਵੇਚਣ ਦਾ ਮੰਜਾ ਲਗਾਉਣ ਵਾਲੇ ਇੱਕ ਗਰੀਬ ਵਿਅਕਤੀ ਕੋਲ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਜਦੋਂ ਉਸ ਨੇ ਪੁਲਿਸ ਵਾਲਿਆਂ ਨੂੰ 10 ਹਜਾਰ ਰੁਪਇਆ ਨਹੀਂ ਦਿੱਤਾ ਤੇ ਪੁਲਿਸ ਵਾਲੇ ਉਸ ਨੂੰ ਉਸ ਦੇ ਘਰੋਂ ਚੁੱਕ ਕੇ ਥਾਣੇ ਲੈ ਆਏ। ਥਾਣੇ ਲਿਆ ਕੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।
ਘਰ-ਘਰ ਵਿੱਚ ਬਣਾਏ ਜਾ ਰਹੇ ਪਟਾਕੇ
ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਸਾਨੂੰ ਸਾਰੀ ਗੱਲ ਦੱਸੀ ਤਾਂ ਅਸੀਂ ਮੌਕੇ 'ਤੇ ਪਹੁੰਚ ਗਏ। ਤਲਬੀਰ ਸਿੰਘ ਗਿੱਲ ਨੇ ਐਸ. ਐਚ. ਓ ਨਾਲ ਗੱਲਬਾਤ ਕੀਤੀ ਤੇ ਐਸ.ਐਚ. ਓ ਦਾ ਕਹਿਣਾ ਸੀ ਕਿ ਇਹ ਨਜਾਇਜ਼ ਪਟਾਕੇ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਪਟਾਕੇ ਵੇਚ ਰਹੀ ਹੈ, ਗੁੱਜਰਪੁਰੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਲੋਕ ਕੁਰਾਹੀ - ਕੁਰਾਹੀ ਕਰ ਰਹੇ ਹਨ, ਪਰ ਐਸਐਚਓ ਦਾ ਧਿਆਨ ਉਸ ਵੱਲ ਨਹੀਂ ਜਾ ਰਿਹਾ। ਤਲਬੀਰ ਸਿੰਘ ਨੇ ਕਿਹਾ ਕਿ ਘਰ-ਘਰ ਵਿੱਚ ਪਟਾਕੇ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਧਿਆਨ ਉਨ੍ਹਾਂ ਵੱਲ ਨਹੀਂ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਪੈਸੇ ਮਿਲ ਰਹੇ ਹਨ। ਜਦੋਂ ਇੱਕ ਗਰੀਬ ਪਟਾਕੇ ਵੇਚਣ ਵਾਲਾ, ਮੰਜੇ ਉੱਤੇ ਪਟਾਕੇ ਦੀ ਦੁਕਾਨ ਲਾ ਕੇ ਵੇਚ ਰਿਹਾ ਤੇ ਉਸ ਨੂੰ ਚੁੱਕ ਕੇ ਲੈ ਆਇਆ ਹੈ। ਇਸ ਕਰਕੇ ਚੁੱਕ ਕੇ ਲੈ ਆਇਆ ਕਿਉਂਕਿ ਉਨ੍ਹਾਂ ਨੂੰ 10 ਹਜਾਰ ਰੁਪਇਆ ਨਹੀਂ ਦਿੱਤਾ। ਜਿਸ ਦੇ ਚਲਦੇ ਅਸੀਂ ਇਸਦੀ ਸ਼ਿਕਾਇਤ ਐਸਪੀ ਨੂੰ ਵੀ ਕੀਤੀ ਤੇ ਕਮਿਸ਼ਨਰ ਸਾਹਿਬ ਨੂੰ ਵੀ ਕੀਤੀ ਜਿੰਨਾ ਚਿਰ ਤੱਕ ਸਾਡੇ ਬੰਦੇ ਰਿਹਾ ਨਹੀਂ ਕੀਤੇ ਜਾਂਦੇ ਅਸੀਂ ਓਨਾ ਟਾਈਮ ਧਰਨਾ ਨਹੀਂ ਚੁੱਕਾਂਗੇ।
ਗੈਂਗਸਟਰਾਂ ਦੇ ਨਾਲ ਰਲਿਆ ਹੋਇਆ ਹੈ ਐਸ. ਐਚ. ਓ
ਉੱਥੇ ਤਲਬੀਰ ਸਿੰਘ ਗਿੱਲ ਨੇ ਅਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਐਸ. ਐਚ. ਓ ਵਾਲਮੀਕੀ ਬਰਾਦਰੀ ਦਾ ਹੋਣ ਕਰਕੇ ਗਰੀਬ ਲੋਕਾਂ 'ਤੇ ਰੋਹਬ ਮਾਰ ਰਿਹਾ ਹੈ। ਉਹ ਵਾਲਮੀਕੀ ਭਾਇਚਾਰੇ ਦੇ ਬੰਦੇ ਬੁਲਾ ਕੇ ਲੋਕਾਂ ਖ਼ਿਲਾਫ਼ ਭੜਕਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਤੋਂ ਜਿਆਦਾ ਵਾਲਮੀਕੀ ਤੀਰਥ ਦਾ ਸਨਮਾਨ ਹੋਰ ਕੋਈ ਨਹੀਂ ਕਰ ਸਕਦਾ, ਅਸੀਂ ਦਿਨ ਰਾਤ ਉੱਥੇ ਸੇਵਾ ਕਰਦੇ ਰਹੇ ਹਾਂ। ਇਹ ਵੀ ਕਿਹਾ ਕਿ ਐਸ ਐਚ ਓ ਗੈਂਗਸਟਰਾਂ ਦੇ ਨਾਲ ਰਲਿਆ ਹੋਇਆ ਹੈ, ਇਸ ਦੀ ਪਹਿਲਾਂ ਵੀ ਪੁਲਿਸ ਕਮਿਸ਼ਨਰ ਵੱਲੋਂ ਬਦਲੀ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਨੇ ਤਰਲੇ ਮਿਨਤ ਕਰਵਾ ਕੇ ਫਿਰ ਬਦਲੀ ਅੰਮ੍ਰਿਤਸਰ ਵਿੱਚ ਕਰਵਾ ਲਈ ਸੀ। ਕਿਹਾ ਇਹ ਗਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਇਸ ਕਰਕੇ ਇਸ ਦੀ ਬਦਲੀ ਕੀਤੀ ਜਾਵੇ।
ਮਾਮਲੇ ਨੂੰ ਸ਼ਾਂਤ ਕਰਵਾਇਆ
ਉੱਥੇ ਹੀ ਮੌਕੇ 'ਤੇ ਪਹੁੰਚੇ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਉਨ੍ਹਾਂ ਬੰਦਿਆਂ ਨੂੰ ਰਿਹਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਲਮ ਵਿਜੇ ਸਿੰਘ ਨੇ ਕਿਹਾ ਕਿ ਥੋੜੀ ਗਲਤ ਫਹਿਮੀ ਹੋਣ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ ਹੁਣ ਸਾਰੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ।