ਚੰਡੀਗੜ੍ਹ: ਭਾਜਪਾ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਅੱਜ ਜਦ ਕਾਂਗਰਸ ਦੀ ਚੋਟੀ ਦੀ ਲੀਡਰਸਿ਼ਪ ਆਮ ਆਦਮੀ ਪਾਰਟੀ ਨਾਲ ਮੰਚ ਸਾਂਝਾ ਕਰ ਰਹੀ ਹੈ ਤਾਂ ਇਸ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ। ਅਜਿਹਾ ਕਰਕੇ ਕਾਂਗਰਸ ਇਸ ਪਾਸੇ ਭ੍ਰਿਸ਼ਟਾਚਾਰ ਦਾ ਸਮਰੱਥਨ ਕਰ ਰਹੀ ਹੈ ਉਥੇ ਹੀ ਇਹ ਆਪ ਦੀ ਪੰਜਾਬ ਸਰਕਾਰ ਹੱਥੋਂ ਇਸ ਪਾਰਟੀ ਦੇ ਪੰਜਾਬ ਦੇ ਆਗੂਆਂ ਨੂੰ ਦਿੱਤੀ ਜਾ ਰਹੀ ਜਲਾਲਤ ਨੂੰ ਸਵਿਕਾਰ ਕਰਕੇ ਆਪਣੇ ਹੀ ਆਗੂਆਂ ਤੇ ਵਰਕਰਾਂ ਦੀ ਬੇਇੱਜਤੀ ਕਰ ਰਹੀ ਹੈ, ਜੋ ਆਪ ਸਰਕਾਰ ਦੀ ਬਦਲਾਖੋਰੀ ਦੇ ਪੰਜਾਬ ਵਿਚ ਪਿੱਛਲੇ ਦੋ ਸਾਲਾਂ ਤੋਂ ਭੁਗਤ ਭੋਗੀ ਬਣੇ ਹੋਏ ਹਨ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਰੁੱਧ ਸਟੈਂਡ: ਜਾਖੜ ਨੇ ਕਿਹਾ ਕਿ ਜਿਸ ਆਪ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਦੇ ਕਿਸੇ ਜਗ ਜਾਹਿਰ ਹੋ ਗਏ ਹਨ ਉਸਦੀ ਹਮਾਇਤ ਵਿਚ ਰਾਮਲੀਲਾ ਮੈਦਾਨ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਲੀਡਰਸਿ਼ਪ ਨੇ ਜਰਾ ਵੀ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਸਾਇਦ ਕਾਂਗਰਸ ਨੇ ਖੁਦ ਲਈ ਸੋਚਣਾ ਹੀ ਬੰਦ ਕਰ ਦਿੱਤਾ ਹੈ। ਜਾਖੜ ਨੇ ਕਿਹਾ, ਮੈਨੂੰ ਤਰਸ ਆਉਂਦਾ ਹੈ ਸੁਖਪਾਲ ਖਹਿਰਾ ਵਰਗੇ ਪੰਜਾਬ ਕਾਂਗਰਸ ਦੇ ਲੀਡਰਾਂ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਬਦਲਾਖੋਰੀ ਕਾਰਨ ਜੇਲ੍ਹ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨਾਲ ਰਾਹੁਲ ਗਾਂਧੀ ਅਤੇ ਖੜਗੇ ਸਟੇਜ ਸਾਂਝਾ ਕਰ ਰਹੇ ਹਨ ਅਤੇ ਮੁਸਕਰਾਉਂਦੇ ਅਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਜਾਖੜ ਨੇ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਕਾਂਗਰਸ ਦੀ ਕੌਮੀ ਲੀਡਰਸਿ਼ਪ ਨੇ ਭਗਵੰਤ ਮਾਨ ਅਤੇ ਪੰਜਾਬ ਵਿੱਚ ਇਸ ਦੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਰੁੱਧ ਸਟੈਂਡ ਲਿਆ ਹੈ, ਜਿਸ ਵਿੱਚ ਇਸ ਦੇ ਮੌਜੂਦਾ ਸੀਐਲਪੀ ਨੇਤਾ, ਸਾਬਕਾ ਮੁੱਖ ਮੰਤਰੀ ਅਤੇ ਇਸ ਦੇ ਕਈ ਸਾਬਕਾ ਕੈਬਨਿਟ ਮੰਤਰੀਆਂ ਦਾ ਵੀ ਨਾਂਅ ਆਉਂਦਾ ਹੈ।
ਜਾਖੜ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਵੱਲੋਂ ਕਿਸ ਸੀਨਿਅਰ ਕਾਂਗਰਸੀ ਆਗੂ 'ਤੇ ਨਿੱਜੀ ਤੌਰ ਤੇ ਨਿਸ਼ਾਨਾ ਨਹੀਂ ਲਗਾਇਆ ਗਿਆ ਜਾਂ ਧਮਕੀ ਜਾਂ ਅਪਮਾਨ ਨਹੀਂ ਕੀਤਾ ਗਿਆ। ਜਦ ਕਿ ਅੱਜ ਕਾਂਗਰਸ ਨੇ ਭਗਵੰਤ ਮਾਨ ਨਾਲ ਖੜ੍ਹ ਕੇ ਅੱਜ ਇਹ ਸਵੀਕਾਰ ਕਰ ਲਿਆ ਹੈ ਕਿ ਉਸ ਦੇ ਆਪਣੇ ਹੀ ਆਗੂ ਭਗਵੰਤ ਮਾਨ ਦੇ ਦਾਅਵੇ ਅਨੁਸਾਰ ਭ੍ਰਿਸ਼ਟ ਹਨ ਅਤੇ ਸਿਰਫ਼ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਹੀ ਸਾਫ਼ ਹਨ।
ਭ੍ਰਿਸ਼ਟਾਚਾਰ ਦੀ ਸਾਜਿਸ਼ ਰਚੀ: ਜਾਖੜ ਨੇ ਕਿਹਾ ਕਿ ਈਡੀ ਨੂੰ ਉਦੋਂ ਹੀ ਕੇਜਰੀਵਾਲ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਜਦੋਂ ਉਹ ਪਹਿਲੇ ਸੰਮਨ ਤੇ ਨਹੀਂ ਆਇਆ ਅਤੇ ਉਸ ਦੀ ਗ੍ਰਿਫਤਾਰੀ ਦਾ ਸਮਾਂ ਗਲਤ ਹੋਣ ਦਾ ਵਿਰੋਧੀ ਧਿਰ ਦਾ ਦੋਸ਼ ਵੀ ਨਹੀਂ ਉੱਠਣਾ ਸੀ। ਜਾਖੜ ਨੇ ਕਿਹਾ, ਵਿਰੋਧੀ ਨੇਤਾ ਗ੍ਰਿਫਤਾਰੀ ਤੇ ਸਵਾਲ ਨਹੀਂ ਉਠਾ ਰਹੇ ਕਿਉਂਕਿ ਉਹ ਜਾਣਦੇ ਹਨ ਕਿ ਕੇਜਰੀਵਾਲ ਨੇ ਆਬਕਾਰੀ ਨੀਤੀ ਰਾਹੀਂ ਭ੍ਰਿਸ਼ਟਾਚਾਰ ਦੀ ਸਾਜਿਸ਼ ਰਚੀ ਹੈ, ਉਹ ਸਿਰਫ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਕਰ ਰਹੇ ਹਨ, ਜਿਸ ਨੂੰ ਉਦੋਂ ਈਡੀ ਨੇ ਲਾਗੂ ਕੀਤਾ ਸੀ, ਜਦੋਂ ਸੁਪਰੀਮ ਕੋਰਟ ਨੇ ਕਿਸੇ ਵੀ ਮੁੱਖ ਮੰਤਰੀ ਨੂੰ ਕੋਈ ਰਾਹਤ ਦੇਣ ਤੋ ਇਨਕਾਰ ਕਰ ਦਿੱਤਾ ਸੀ।