ਸੰਗਰੂਰ: ਦਿੜ੍ਹਬਾ ਦੇ ਪਿੰਡ ਲਾੜਵੰਜਾਰਾ ਕਲਾ ਵਿੱਚ ਕਣਕ ਦੀ ਖੜੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਇੱਕ ਵਾਰ ਫਿਰ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਖੇਤ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੇ ਗਿਰਨ ਕਾਲ ਕਣਕ ਨੂੰ ਅੱਗ ਲੱਗੀ ਹੈ ਜਿਸ ਨਾਲ ਦੋ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਇਸ ਅੱਗ ਲੱਗਣ ਦੀ ਘਟਨਾ ਵਿੱਚ, ਦੋ ਦਰਜਨ ਦੇ ਕਰੀਬ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਅਤੇ 3 ਤੋਂ 4 ਕਿੱਲੇ ਵਿੱਚ ਖੜੀ ਕਣਕ ਨੂੰ ਅੱਗ ਲੱਗੀ। ਇਸ ਦੌਰਾਨ ਅਲੱਗ ਅਲੱਗ ਦੋ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿੱਥੇ ਕਿਸਾਨ ਆਪਣੇ ਖੇਤ ਵਿੱਚ ਲੱਗੀ ਅੱਗ ਨੂੰ ਖੁਦ ਬੁਝਾਉਣ ਵਿੱਚ ਲੱਗੇ, ਉੱਥੇ ਹੀ ਪ੍ਰਸ਼ਾਸਨ ਵੱਲੋਂ ਅੱਗ ਬੁਝਾਊ ਅਮਲਾ ਵੀ ਬਹੁਤ ਦੇਰ ਬਾਅਦ ਭੇਜਿਆ ਗਿਆ, ਜਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ। ਜਦਕਿ, ਅੱਗ 'ਤੇ ਕਾਬੂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ ਪਾ ਲਿਆ ਸੀ।
ਬਿਜਲੀ ਦੀਆਂ ਤਾਰਾਂ ਕਾਰਨ ਵਾਪਰਿਆ ਹਾਦਸਾ: ਅੱਗ ਬੁਝਾਊ ਦਸਤੇ ਦੀ ਲੇਟ-ਲਤੀਫੀ ਤੋਂ ਨਾਰਾਜ਼ ਹੋਏ ਲੋਕਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਰਕੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਸਹੀ ਜਾਂਚ ਕਰਕੇ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਕਿਸਾਨ ਸੱਤਾ ਸਿੰਘ ਨੇ ਦੱਸਿਆ ਕਿ ਤਕਰੀਬਨ 2 ਕਿੱਲੇ ਵਿੱਚ ਖੜੀ ਕਣਕ ਦੀ ਫ਼ਸਲ ਅਤੇ ਇਕ ਦਰਜਨ ਤੋਂ ਵੱਧ ਨਾੜ ਨੂੰ ਅੱਗ ਪੈ ਗਈ।
ਕਿਸਾਨ ਜਗਤਾਰ ਸਿੰਘ ਨੇ ਆਪਣੇ 1.5 ਏਕੜ ਜ਼ਮੀਨ ਵਿੱਚ ਘਰ ਵਾਸਤੇ ਫ਼ਸਲ ਬੀਜੀ ਸੀ, ਜੋ ਕਿ ਸਾਰੀ ਫਸਲ ਸੜਕੇ ਰਾਖ ਹੋ ਗਈ। ਜਗਤਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਹੁਣ ਤਾਂ ਘਰੇ ਖਾਣ ਲਈ ਦਾਣੇ ਵੀ ਕਿਸੇ ਤੋਂ ਲੈਣੇ ਪੈਣਗੇ, ਪਰ ਮੌਕੇ ਉੱਤੇ ਪਹੁੰਚੇ ਦਿੜ੍ਹਬਾ ਤਹਿਸੀਲਦਾਰ ਸੁਮਿਤ ਸਿੰਘ ਢਿੱਲੋਂ ਨੇ, ਜਿੱਥੇ ਕਿਸਾਨਾਂ ਨਾਲ ਦੁਰਵਿਵਹਾਰ ਕੀਤਾ, ਉਥੇ ਹੀ ਕੁੱਝ ਕਿਸਾਨਾਂ ਨੂੰ ਬਲੈਕਮੇਲਰ ਵੀ ਦੱਸਿਆ।
ਕਿਸਾਨਾਂ ਵਿੱਚ ਰੋਸ: ਇਸ ਤੋਂ ਬਾਅਦ ਕਿਸਾਨ ਅਮਰਜੀਤ ਸਿੰਘ ਨੇ ਮੌਕੇ ਉੱਤੇ ਹੀ ਮੀਡੀਆ ਸਾਹਮਣੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਤੇ ਕਿਹਾ ਤੁਸੀਂ ਸਾਨੂੰ ਕੀ ਇਨਸਾਫ ਦੇਵੋਗੇ, ਜਦਕਿ ਅਸੀਂ ਆਪਣਾ ਮੁਆਵਜਾ ਮੰਗ ਰਹੇ ਹਾਂ। ਨਾ ਕਿ ਕੋਈ ਕਿਸੇ ਤਰ੍ਹਾਂ ਦੀ ਬਲੈਕ ਮੇਲਿੰਗ ਕਰ ਰਹੇ ਹਾਂ ਜਿਸ ਤੋਂ ਬਾਅਦ ਕਿਸਾਨਾ ਨੇ ਮੰਗ ਕੀਤੀ ਕਿ ਕਣਕ ਦੀ ਖੜੀ ਫ਼ਸਲ ਨੂੰ ਲੱਗੀ ਅੱਗ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਅਜਿਹੇ ਅਧਿਕਾਰੀਆਂ ਦੇ ਨੱਥ ਪਾਈ ਜਾਵੇ ਜੋ ਕਿਸਾਨ ਵਿਰੋਧੀ ਨੀਤੀ ਰੱਖਦੇ ਹਨ।
ਅਧਿਕਾਰੀ ਕੈਮਰੇ ਤੋਂ ਬੱਚਦੇ ਨਜ਼ਰ ਆਏ ! : ਦੂਜੇ ਪਾਸੇ, ਜਦ ਤਹਿਸੀਲਦਾਰ ਸੁਮਿਤ ਸਿੰਘ ਤੋਂ ਅੱਗ ਦੀ ਘਟਨਾ ਬਾਰੇ ਜਾਣਕਾਰੀ ਲੈਣੀ ਚਾਹੀ, ਤਾਂ ਉਹ ਕੈਮਰੇ ਤੋਂ ਟਲਦੇ ਰਹੇ ਅਤੇ ਪਟਵਾਰੀ ਜਿੰਮੀ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਸ ਦੀ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਵੇਗੀ ਅਤੇ ਜੋ ਵੀ ਮੁਆਵਜ਼ਾ ਬਣੇਗਾ, ਉਹ ਕਿਸਾਨਾਂ ਨੂੰ ਜ਼ਰੂਰ ਮਿਲੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਸੱਤਾ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਕਿਸਾਨ ਮੌਜੂਦ ਰਹੇ।