ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬਲੱਗਣ ਵਿਖੇ ਅੱਜ ਸਵੇਰੇ ਪਿੰਡ ਦੀਆਂ ਦੋ ਧਿਰਾਂ ਵਿੱਚ ਇੱਟਾਂ ਰੋੜੇ ਚੱਲੇ। ਇਸ ਗਹਿਗੱਚ ਹੋਈ ਲੜਾਈ ਵਿੱਚ ਦੋਹਾਂ ਧਿਰਾਂ ਦੇ ਕਰੀਬ ਅੱਧੀ ਦਰਜਨ ਨੌਜਵਾਨ ਜ਼ਖਮੀ ਹੋ ਗਏ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪਿੰਡ ਬਲੱਗਣ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੌਜਵਾਨ ਸੁਖਵਿੰਦਰ ਸਿੰਘ ਸੋਨੀ ਵੱਲੋਂ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ 50 ਤੋਂ ਵੱਧ ਅਣਪਛਾਤੇ ਲੋਕਾਂ ਨਾਲ ਉਨ੍ਹਾਂ ਦੇ ਘਰ ਅਤੇ ਦੁਕਾਨ 'ਤੇ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕੀਤਾ।
ਲੜਾਈ ਹੋਣ ਕਰਕੇ ਕਾਫੀ ਦੇਰ ਤੱਕ ਆਵਾਜਾਈ ਰੁਕੀ ਰਹੀ
ਇਸ ਹਮਲੇ ਵਿੱਚ ਉਨ੍ਹਾਂ ਦੀ ਧਿਰ ਦੇ ਕੁਝ ਵਿਅਕਤੀ ਵੀ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ। ਇਸ ਤਰ੍ਹਾਂ ਸੁਖਵਿੰਦਰ ਸਿੰਘ ਸੋਨੀ ਨੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਸਮਰਥਕਾਂ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਦੇ ਘਰ ਦੀ ਭਾਰੀ ਭੰਨ-ਤੋੜ ਕੀਤੀ ਹੈ। ਅੱਡੇ ਵਿੱਚ ਲੜਾਈ ਹੋਣ ਕਰਕੇ ਕਾਫੀ ਦੇਰ ਤੱਕ ਆਵਾਜਾਈ ਰੁਕੀ ਰਹੀ। ਇਸ ਲੜਾਈ ਵਿੱਚ ਨੌਜਵਾਨਾਂ ਵੱਲੋਂ ਮਾਰੂ ਹਥਿਆਰਾਂ ਦੇ ਨਾਲ-ਨਾਲ ਇੱਟਾਂ ਰੋੜੇ ਅਤੇ ਬੋਤਲਾਂ ਦੀ ਵਰਤੋਂ ਵੀ ਕੀਤੀ ਗਈ।
ਦੂਜੇ ਦੇ ਘਰਾਂ ਦਾ ਭਾਰੀ ਨੁਕਸਾਨ ਕੀਤਾ
ਘਟਨਾ ਸਥਾਨ 'ਤੇ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਰਾਜਾਸਾਂਸੀ ਥਾਣੇ ਦੇ ਐਸ.ਐਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਾਨੂੰਨ ਮੁਤਾਬਿਕ ਦੋਹਾਂ ਧਿਰਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਬੀਤੇ ਕੱਲ ਪਿੰਡ ਵਿੱਚ ਪੀਰ ਦੀ ਜਗ੍ਹਾ ਤੇ ਮੇਲਾ ਸੀ, ਮੇਲਾ ਵੇਖਣ ਤੋਂ ਬਾਅਦ ਨੌਜਵਾਨਾਂ ਨੇ ਸ਼ਰਾਬ ਪੀ ਕੇ ਇਹ ਹੁੱਲੜਬਾਜੀ ਕੀਤੀ ਜੋ ਲੜਾਈ ਦਾ ਕਾਰਨ ਬਣੀ। ਜ਼ਿਕਰਯੋਗ ਹੈ ਕਿ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਘਰਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਸਰਪੰਚ ਹਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸੋਨੀ ਦੇ ਘਰਾਂ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਹਨ।
ਗੱਡੀਆਂ ਅਤੇ ਮੋਟਰਸਾਈਕਲਾਂ ਦੀ ਵੀ ਕੀਤੀ ਭੰਨਤੋੜ
ਇਸ ਮੌਕੇ 'ਤੇ ਕਾਂਗਰਸ ਧੜੇ ਨਾਲ ਸੰਬੰਧਿਤ ਸਰਪੰਚ ਹਰਜੀਤ ਸਿੰਘ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਸੋਨੀ 'ਤੇ ਗੰਭੀਰ ਇਲਜ਼ਾਮ ਲਗਾਏ ਇਸ ਹਮਲੇ ਵਿੱਚ ਕੁਝ ਗੱਡੀਆਂ ਅਤੇ ਮੋਟਰਸਾਈਕਲਾਂ ਦੀ ਵੀ ਭੰਨਤੋੜ ਕੀਤੀ ਗਈ।
ਖੂਨੀ ਝੜਪ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਦੋਨਾਂ ਧਿਰਾਂ ਨੂੰ ਤਾੜਨਾ
ਇਹ ਤਾਂ ਦੱਸਣਯੋਗ ਹੈ ਕੀ ਇਸ ਖੂਨੀ ਝੜਪ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਦੋਨਾਂ ਧਿਰਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਜਾਂ ਵਿਸ਼ੇਸ਼ ਵਿਅਕਤੀ ਦੇ ਖਿਲਾਫ ਸਬੂਤ ਮਿਲਿਆ ਤਾਂ ਉਸ ਦੇ ਖਿਲਾਫ ਧਾਰਾ ਸੱਤ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਇਸ ਵਾਰ ਨਵੇਂ ਕਾਨੂੰਨਾਂ ਦੇ ਤਹਿਤ ਇੰਨੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿ ਮਿਸਾਲ ਬਣ ਕੇ ਸਾਹਮਣੇ ਆਵੇਗੀ। ਹਾਲਾਂਕਿ ਸੀਸੀਟੀਵੀ ਵਿੱਚ ਸਾਫ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਇੱਕ ਦੂਸਰੇ ਉੱਤੇ ਪੱਥਰਾਵ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਦੋਨੋਂ ਧਿਰ ਇੱਕ ਦੂਸਰੇ ਉੱਤੇ ਇਲਜ਼ਾਮਬਾਜ਼ੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਧਰਾਵਾਂ ਦੇ ਤਹਿਤ ਕੀ ਮਾਮਲਾ ਦਰਜ ਕੀਤਾ
ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਵੀਆਂ ਧਰਾਵਾਂ ਦੇ ਤਹਿਤ ਕੀ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਕਿੰਨੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਂਦੀ ਹੈ। ਪਰ ਪੁਲਿਸ ਵੱਲੋਂ ਸਾਫ ਤੌਰ 'ਤੇ ਕਹਿ ਦਿੱਤਾ ਗਿਆ ਹੈ ਕਿ ਇਸ ਵਾਰ ਇਸ ਪਿੰਡ ਦੇ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਜੇਕਰ ਕੋਈ ਲੜਾਈ ਝਗੜਾ ਕੀਤਾ ਗਿਆ ਤਾਂ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।