ਅੰਮ੍ਰਿਤਸਰ: ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਪਰਚਿਆਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਪਰਾਲੀ ਦੀਆਂ ਟਰਾਲੀਆਂ ਭਰ ਕੇ ਥਾਣੇ ਦੇ ਅੰਦਰ ਅਤੇ ਬਾਹਰ ਪਰਾਲੀ ਦੇ ਢੇਰ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕਿਸਾਨਾਂ 'ਤੇ ਪਰਚੇ ਕੀਤੇ ਜਾ ਰਹੇ। ਇੱਕ ਪਾਸੇ ਕਿਸਾਨ ਸੰਕਟ ਦੀ ਮਾਰ ਝੱਲ ਰਹੇ ਹਨ, ਕਿਉਂਕਿ ਕਿਸਾਨਾਂ ਦੀ ਪਿਛਲੇ ਸਾਲ ਜਿਹੜੀ 1509-1692 ਕਿਸਮ ਸੀ, ਉਹ ਲੱਗਭਗ 35 ਤੋਂ 3600 ਰੁਪਏ ਦੇ ਕਰੀਬ ਵਿੱਕੀ ਸੀ, ਜਿਹਦਾ ਰੇਟ ਇਸ ਵਾਰ 1700 ਰੁਪਏ ਤੋਂ ਸ਼ੁਰੂ ਹੋਇਆ ਤੇ 22 ਤੋਂ 2300 ਰੁਪਏ ਦੇ ਕਰੀਬ ਤੱਕ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਦੀ ਵੱਡੀ ਮਾਰ ਪਈ ਹੈ।
ਕਿਸਾਨ ਲਗਾਤਾਰ ਆਵਾਜ਼ ਉਠਾਉਦੇਂ ਆ ਰਹੇ
ਕਿਸਾਨ ਆਗੂ ਨੇ ਕਿਹਾ ਕਿ ਅਸੀਂ ਉਡੀਕ ਕਰ ਰਹੇ ਹਾਂ ਕਿ ਸਾਡੀ ਪੈਲੀਆਂ ਦੇ ਵਿੱਚੋਂ ਪਰਾਲੀ ਚੁੱਕ ਕੇ ਲੈ ਜਾਓ ਪਰ ਕੋਈ ਨਹੀਂ ਪਹੁੰਚਿਆ। ਫਿਰ ਕਿਸਾਨਾਂ ਨੂੰ ਮਜ਼ਬੂਰਨ ਇੱਕ ਘਾਟਾ ਸਹਿਣ ਕਰਕੇ ਵੀ ਦੂਜਾ ਘਾਟਾ ਪੈਣ ਤੋਂ ਬਚਣ ਵਾਸਤੇ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ, ਉਹਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਕਿ ਕੋਈ ਗੱਲਬਾਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਉਲਟਾ ਕਿਸਾਨਾਂ ਨੂੰ ਡਰਾ ਧਮਕਾ ਕੇ ਉਨ੍ਹਾਂ 'ਤੇ ਪਰਚੇ ਕੀਤੇ ਜਾ ਰਹੇ ਹਨ। ਉਹ ਪਰਚਿਆਂ ਦੇ ਵਿਰੋਧ ਦੇ ਵਿੱਚ ਕਿਸਾਨ ਲਗਾਤਾਰ ਆਵਾਜ਼ ਉਠਾਉਦੇਂ ਆ ਰਹੇ ਹਨ।
ਗੂੰਗੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ
ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਅੱਜ ਅਸੀਂ ਸਾਰੀਆਂ ਟਰਾਲੀਆਂ ਦੇ ਵਿੱਚ ਪਰਾਲੀ ਭਰ ਕੇ ਥਾਣੇ ਲੈ ਕੇ ਆਏ ਹਾਂ ਅਤੇ ਪ੍ਰਾਸ਼ਾਸਨ ਨੂੰ ਸਵਾਲ ਕੀਤਾ ਕਿ ਸਾਨੂੰ ਦੱਸਿਆ ਜਾਵੇ ਪਰਾਲੀ ਕਿੱਥੇ ਰੱਖਣੀ ਹੈ, ਉੱਥੇ ਹੀ ਰੱਖ ਦਿੰਦੇ ਹਾਂ। ਕਿਸਾਨ ਆਗੂ ਨੇ ਕਿਹਾ ਕਿ ਕਈ ਵਾਰੀ ਗੂੰਗੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅਤੇ ਬੰਦ ਹੋਈਆਂ ਅੱਖਾਂ ਖੋਲ੍ਹਣ ਵਾਸਤੇ ਸਾਨੂੰ ਉਹ ਕੰਮ ਕਰਨੇ ਪੈਂਦੇ ਹਨ, ਜਿਹੜੇ ਸਰਦਾਰ ਭਗਤ ਸਿੰਘ ਜੀ ਨੇ ਕੀਤੇ ਸੀ, ਕਿਉਂਕਿ ਅਸੀਂ ਆਪਣੇ ਆਪ ਨੂੰ ਉਨ੍ਹਾਂ ਦੇ ਵਾਰਿਸ ਮੰਨਦੇ ਹਾਂ। ਭਗਤ ਸਿੰਘ ਨੇ ਉਨ੍ਹਾਂ 'ਤੇ ਖਾਲੀ ਬੰਬ ਚਲਾ ਕੇ ਸਿਰਫ ਤੇ ਸਿਰਫ ਆਵਾਜ਼ ਪਹੁੰਚਾਉਣ ਦੀ ਗੱਲ ਕੀਤੀ ਸੀ। ਅਸੀਂ ਵੀ ਜਿਹੜਾ ਇਹ ਪ੍ਰਦਰਸ਼ਨ ਕਰਕੇ ਦੂਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਹਾਈਕੋਰਟ ਸਣੇ ਇਹ ਗੱਲ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਆਵੇ।
ਵੱਡੀਆਂ-ਵੱਡੀਆਂ ਪੁਲਿਸ ਦੀਆਂ ਧਾੜਾਂ
ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੱਕ ਕੇ ਇਹੀ ਕਰਨਗੇ ਕਿਉਂਕਿ ਹਰ ਐਕਸ਼ਨ ਤੋਂ ਬਾਅਦ ਤਾਂ ਰਿਐਕਸ਼ਨ ਹੁੰਦਾ ਹੈ। ਇਹ ਸਾਡਾ ਐਕਸ਼ਨ ਨਹੀਂ ਸੀ ਇਹ ਸਾਡਾ ਰਿਐਕਸ਼ਨ ਸੀ। ਜਦੋਂ ਸਾਡੇ ਘਰਾਂ ਦੇ ਵਿੱਚੋਂ ਸਾਡੇ ਨਿਆਣੇ ਭੱਜ ਗਏ ਸਨ, ਉਹ ਕਹਿੰਦੇ ਜੀ ਐਸਐਸਪੀ ਸਾਹਿਬ ਆਪ ਪੈਲੀਆਂ ਦੇ ਵਿੱਚ ਫਿਰਦੇ ਹਨ, ਤਹਸੀਲਦਾਰ ਸਾਹਿਬ , ਐਸਡੀਐਮ ਸਾਹਿਬ ਅਤੇ ਉਨ੍ਹਾਂ ਨਾਲ ਵੱਡੀਆਂ-ਵੱਡੀਆਂ ਪੁਲਿਸ ਦੀਆਂ ਧਾੜਾਂ ਫਿਰਦੀਆਂ ਹਨ। ਉਨ੍ਹਾਂ ਕਿਹਾ ਕਿ ਘਰੇ ਸਾਡੇ ਬੱਚਿਆਂ ਦੇ ਵਿੱਚ ਸਹਿਮ ਬਣ ਗਿਆ ਹੈ। ਉਸ ਤੋਂ ਬਾਅਦ ਫਿਰ ਕਿਸਾਨਾਂ ਨੇ ਪਿੰਡਾਂ ਵਿਚ ਆਖਿਆ ਕਿ ਜਿਹੜੇ ਥਾਣਿਆਂ ਤੋਂ ਤੁਸੀਂ ਡਰਦੇ ਹੋ ਆਪਾਂ ਉਨ੍ਹਾਂ ਨੂੰ ਪੁੱਛ ਲੈਂਦੇ ਹਾਂ ਕਿ ਪਰਾਲੀ ਕਿੱਥੇ ਲਾਈਏ। ਜਦੋਂ ਇਨ੍ਹਾਂ ਨੂੰ ਪੁੱਛਣ ਆਉਂਦੇ ਹਾਂ ਤਾਂ ਪੁਲਿਸ ਵਾਲੇ ਕਹਿੰਦੇ ਵੀ ਸਾਨੂੰ ਨਹੀਂ ਪਤਾ, ਇਹ ਤੁਹਾਡੀ ਜਿੰਮੇਵਾਰੀ ਹੈ।
ਪਰਾਲੀ ਸਾਂਭਣ ਦਾ ਹੱਲ ਕਰੋ
ਕਿਸਾਨ ਆਗੂ ਨੇ ਕਿਹਾ ਕਿ ਪਰਾਲੀ ਅਸੀਂ ਇਕੱਠੀ ਕਰਕੇ ਲਿਆਏ ਹਾਂ ਕਿ ਸਾਨੂੰ ਦੱਸੋ ਪਰਾਲੀ ਕਿੱਥੇ ਲਾਈਏ। ਉਨ੍ਹਾਂ ਕਿਹਾ ਕਿ ਅੱਜ ਹੀ ਸਾਡੀਆਂ ਰੈਡ ਐਂਟਰੀਆਂ ਬੰਦ ਨਾ ਹੋਣ, ਤੁਸੀਂ ਸਾਨੂੰ ਮਾਰਨਾ ਹੈ ਤਾਂ ਅਸੀਂ ਖੁਦ ਮਰਨ ਲਈ ਤਿਆਰ ਹਾਂ ਤੇ ਅਸੀ ਤੁਹਾਡੇ ਥਾਣੇ ਆ ਗਏ ਹਾਂ। ਕਿਸਾਨ ਆਗੂ ਨੇ ਕਿਹਾ ਕਿ ਜਿੰਨ੍ਹਾ ਸਮਾਂ ਤੁਸੀਂ ਕਿਸਾਨਾਂ ਪਿੱਛੇ ਬਰਬਾਦ ਕਰ ਰਹੇ ਹੋ, ਉਨਾਂ ਸਮਾਂ ਤੁਸੀਂ ਗੈਂਗਸਟਰਾਂ ਦੀ ਭਾਲ ਕਰਨ 'ਚ ਲਗਾਓ। ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ, ਉਨ੍ਹਾਂ ਦੇ ਤੁਸੀਂ ਮੁਮਜ਼ਮ ਲੱਭੋ, ਜਿਹੜੇ ਨਸ਼ੇ ਦੇ ਵੱਡੇ ਕੇਸ ਹਨ ਉਹ ਕਲੀਅਰ ਕਰੋ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਤੁਹਾਨੂੰ ਸਾਡੀ ਪਰਾਲੀ ਦੀ ਇੰਨੀ ਹੀ ਫਿਕਰ ਹੈ ਤਾਂ ਤੁਸੀਂ ਪਰਾਲੀ ਸਾਂਭਣ ਦਾ ਹੱਲ ਕਰੋ। ਉਨ੍ਹਾਂ ਕਿਹਾ ਕਿ ਸੈਂਟਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਨੇ ਸਾਡੇ ਖਾਤਿਆਂ ਵਿਚ ਪੈਸੇ ਪਾਉਣੇ ਸੀ ਉਹ ਪਾਓ। ਜੋ ਸੁਪਰੀਮ ਕੋਰਟ ਨੇ ਸਰਕਾਰਾਂ ਨੇ ਆਰਡਰ ਦਿੱਤਾ ਸੀ ਉਹ ਪੂਰਾ ਕਰੋ। ਸਾਨੂੰ ਜਿਹੜਾ ਗ੍ਰੀਨ ਟ੍ਰਿਬਿਊਨਲ ਦਿੱਤਾ ਸੀ ਕਿ 2500 ਰੁਪਏ ਖਾਤਿਆਂ ਵਿੱਚ ਪਾਵਾਂਗੇ ਉਹ ਪਾਓ। ਫਿਰ ਪਰਾਲੀ ਅਸੀਂ ਆਪ ਲਿਆਇਆ ਕਰਾਂਗੇ, ਜਿਹੜੇ ਦਫ਼ਤਰ ਕਹੋਗੇ ਉੱਥੇ ਹੀ ਲਿਆਂਵਾਗੇ।