ਅੰਮ੍ਰਿਤਸਰ: ਸੀਏਏ ਕਾਨੂੰਨ ਕਾਰਨ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਲੋਕਾਂ ਵਿੱਚ ਇੱਕ ਨਵੀ ਉਮੀਦ ਜਾਗੀ ਹੈ।ਇਸ ਮੌਕੇ ਕਾਬਲ ਕੰਧਾਰ ਅਫਗਾਨਿਸਤਾਨ ਤੋਂ ਆਏ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ 1992 ਵਿੱਚ ਉੱਜੜ ਪੁਜੜ ਕੇ ਆਪਣੀ ਜਾਨ ਬਚਾ ਕੇ ਇੱਥੇ ਆਏ ਸੀ। ਇਸ ਭਾਰਤ ਦੇਸ਼ ਨੇ ਸਾਨੂੰ ਰਹਿਣ ਨੂੰ ਜਗ੍ਹਾ ਦਿੱਤੀ, ਖਾਣ ਨੂੰ ਰੋਟੀ ਦਿੱਤੀ ਤੇ ਸਿਰ ਢੱਕਣ ਨੂੰ ਛੱਤ ਦਿੱਤੀ ਹੈ।
'ਇਸ ਦੇਸ਼ ਵਿੱਚ ਰਹਿੰਦੇ ਅੱਜ ਸਾਨੂੰ 32 ਸਾਲ ਹੋ ਚੁੱਕੇ': ਉਹਨਾਂ ਕਿਹਾ ਕਿ ਇਸ ਦੇਸ਼ ਵਿੱਚ ਰਹਿੰਦੇ ਅੱਜ ਸਾਨੂੰ 32 ਸਾਲ ਹੋ ਚੁੱਕੇ ਹਨ। ਇਥੇ ਰਹਿੰਦੇ ਸਾਨੂੰ ਕਦੇ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਤੇ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹਾਂ, ਜਿਨਾਂ ਇਹ ਕਾਨੂੰਨ ਪਾਸ ਕਰਕੇ ਸਾਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ।ਉਹਨਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਅਸੀਂ ਸਟੇ ਵੀਜ਼ਾ ਲੈ ਕੇ ਭਾਰਤ ਵਿੱਚ ਰਹਿ ਰਹੇ ਸਨ।
'ਮੋਦੀ ਸਰਕਾਰ ਨੇ ਲਈ ਸਾਰ': ਕਈ ਸਰਕਾਰਾਂ ਆਈਆਂ ਤੇ ਗਈਆਂ, ਸਾਡੀ ਕਿਸੇ ਵੀ ਸਰਕਾਰ ਨੇ ਸਾਰ ਨਾ ਲਈ।ਪਰ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਅਜਿਹਾ ਦਿਨ ਆ ਗਿਆ ਜਿਸ ਦੇ ਚਲਦੇ ਉਹਨਾਂ ਨੇ ਸੀਏ ਕਾਨੂੰਨ ਪਾਸ ਕੀਤਾ ਕੱਲ ਜਿਹੜਾ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਾਡਾ ਸਾਰਾ ਭਾਈਚਾਰਾ ਬਹੁਤ ਖੁਸ਼ ਨਜ਼ਰ ਆ ਰਿਹਾ ਹੈ।ਸਾਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ।
ਦੱਸ ਦਈਏ ਕਿ ਵਿਵਾਦਗ੍ਰਸਤ ਨਾਗਰਿਕਤਾ (ਸੋਧ) ਐਕਟ (ਸੀਏਏ)-2019 ਨੂੰ ਲਾਗੂ ਕਰਨ ਲਈ ਨਿਯਮ ਅੱਜ ਨੋਟੀਫਾਈ ਜਾਰੀ ਕਰ ਦਿੱਤਾ ਗਿਆ ਹੈ। ਸੀਏਏ ਦਾ ਮਕਸਦ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਬਗੈਰ-ਦਸਤਾਵੇਜ਼ ਗੈਰ-ਮੁਸਲਿਮ ਪਰਵਾਸੀਆਂ ਨੂੰ ਨਾਗਰਿਕਤਾ ਦੇਣਾ ਹੈ। ਇੱਕ ਵਾਰ ਸੀਏਏ ਨਿਯਮ ਜਾਰੀ ਹੋਣ ਤੋਂ ਬਾਅਦ ਮੋਦੀ ਸਰਕਾਰ 31 ਦਸੰਬਰ 2014 ਤੱਕ ਭਾਰਤ ਆਏ ਗਏ ਗੈਰ-ਮੁਸਲਿਮ ਪਰਵਾਸੀਆਂ (ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ ਅਤੇ ਈਸਾਈ) ਨੂੰ ਭਾਰਤੀ ਨਾਗਰਿਕਤਾ ਦੇਣਾ ਸ਼ੁਰੂ ਕਰ ਦੇਵੇਗੀ। ਸੀਏਏ ਦਸੰਬਰ 2019 ਵਿੱਚ ਪਾਸ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਸੀ ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸਦੇ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਇਹ ਕਾਨੂੰਨ ਅੱਜ ਲਾਗੂ ਹੋ ਗਿਆ ਹੈ ਕਿਉਂਕਿ ਇਸ ਦੇ ਲਾਗੂ ਕਰਨ ਦੇ ਨਿਯਮ ਅੱਜ ਨੋਟੀਫਾਈ ਕੀਤੇ ਗਏ ਹਨ।