ਬਠਿੰਡਾ : ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਨੂੰ ਮੁੱਖ ਰੱਖਦਿਆਂ ਹਰਿਆਣਾ ਸਰਕਾਰ ਪੱਬਾਂ ਭਾਰ ਹੋ ਗਈ ਹੈ। ਹਰਿਆਣਾ ਪੁਲਿਸ ਵੱਲੋਂ ਖਨੌਰੀ ਨੇੜੇ ਲੱਗਦੇ ਪੰਜਾਬ-ਹਰਿਆਣਾ ਬਾਰਡਰ ’ਤੇ ਵਧੇਰੇ ਚੌਕਸੀ ਵਧਾ ਦਿੱਤੀ ਹੈ ਅਤੇ ਕਿਸਾਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਤੋਂ ਰੋਕਣ ਲਈ ਵਿਊਂਤਬੰਦੀ ਕੀਤੀ ਜਾ ਰਹੀ ਹੈ। ਪੰਜਾਬ-ਹਰਿਆਣਾ ਬਾਰਡਰ ’ਤੇ ਹਰਿਆਣਾ ਪੁਲੀਸ ਵਲੋਂ ਵੱਡੀ ਤਾਦਾਦ ’ਚ ਬੈਰੀਕੇਡ ਤੋਂ ਇਲਾਵਾ ਲੋਹੇ ਦੇ ਕੰਟੇਨਰ ਅਤੇ ਸੀਮਿੰਟ ਦੀਆਂ ਭਾਰੀ ਸਲੈਬਾਂ ਵੀ ਲਿਆ ਕੇ ਰੱਖ ਦਿੱਤੀਆਂ ਹਨ।
ਪੁਲਿਸ ਵਿਭਾਗ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ : ਇਸ ਤੋਂ ਇਲਾਵਾ ਕਿਸਾਨਾਂ ਦੀਆਂ ਤਿਆਰੀਆਂ ਨੂੰ ਵੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬ ਹਰਿਆਣਾ ਸਰਹੱਦ ਤੇ ਸਥਿਤ ਡੂਮ ਵਾਲੀ ਵੈਰੀਅਰ ਤੇ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਕੰਕਰੀਟ ਦੀਆਂ ਕੰਧਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਬੈਰੀਗੇਟਸ ਉੱਪਰ ਵੀ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ। ਆਉਣ ਜਾਣ ਲਈ ਸਿਰਫ ਇੱਕ ਹੀ ਗੱਡੀ ਲੰਘਣ ਦਾ ਰਾਹ ਛੱਡਿਆ ਗਿਆ ਹੈ ਅਤੇ ਕੰਕਰੀਟ ਦੀਆਂ ਦੀਵਾਰਾਂ ਵਿੱਚ ਮਿੱਟੀ ਭਰੀ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਹਰਿਆਣਾ ਪੰਜਾਬ ਸਰਹੱਦ ਤੇ ਤੈਨਾਤ ਕੀਤਾ ਗਿਆ।
ਅਮਨ ਅਤੇ ਸੁਰੱਖਿਆ ਵਿੱਚ ਚੂਕ ਨਹੀਂ ਹੋਣ ਦਿੱਤੀ ਜਾਵੇਗੀ: ਇਸ ਮੌਕੇ ਗੱਲਬਾਤ ਕਰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 13 ਫਰਵਰੀ ਕਿਸਾਨਾ ਦੇ ਦਿੱਲੀ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਤਿੰਨ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਹਨਾਂ ਥਾਵਾਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਅਮਨ ਅਤੇ ਸੁਰੱਖਿਆ ਵਿੱਚ ਚੂਕ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ 250 ਦੇ ਕਰੀਬ ਪੁਲਿਸ ਕਰਮਚਾਰੀ ਹਰਿਆਣਾ ਪੰਜਾਬ ਸਰਹੱਦ 'ਤੇ ਤੈਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਅਧਿਕਾਰੀ ਵੀ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਅੰਬਾਲ਼ਾ ਜਾਣ ਵਾਲ਼ੇ ਰਸਤੇ ਨੂੰ ਬੈਰੀਕੇਡ ਅਤੇ ਕਰੇਨਾਂ ਲਗਾ ਕੇ ਬੰਦ ਕਰ ਦਿੱਤਾ ਹੈ। ਟਰੈਫਿਕ ਮੁਲਾਜ਼ਮਾਂ ਵੱਲੋਂ ਵਾਹਨ ਚਾਲਕਾਂ ਲਈ ਬਦਲਵੇਂ ਰੂਟ ਦੀ ਵਿਵਸਥਾ ਕੀਤੀ ਗਈ ਹੈ ।