ਸੰਗਰੂਰ : ਸੰਗਰੂਰ ਤੋਂ ਇੱਕ ਅਜੀਬ ਤੇ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਛੋਲੇ-ਭਟੂਰੇ ਦੀ ਪਲੇਟ ਦਾ ਰੇਟ 20 ਰੁਪਏ ਤੋਂ 40 ਰੁਪਏ ਕਰਨ 'ਤੇ ਇੱਕ ਦਿਹਾੜੀਦਾਰ ਮਜ਼ਦੂਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਉਹਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਗਈ ਹੈ। ਜਿਸ ਤੋਂ ਮਜ਼ਦੂਰ ਸੰਤੂਸ਼ਟ ਨਜ਼ਰ ਆ ਰਿਹਾ ਹੈ। ਦਰਅਸਲ 16 ਅਪ੍ਰੈਲ ਨੂੰ ਰੋਜ਼ਮਰਾ ਦੀ ਤਰ੍ਹਾਂ ਮਜ਼ਦੂਰ ਬਿੰਦਰ ਸਿੰਘ ਆਪਣੇ ਘਰੋਂ ਆਪਣੀ ਦੁਪਹਿਰ ਦੀ ਦਾਲ ਰੋਟੀ ਲੈ ਕੇ ਮਜ਼ਦੂਰੀ ਲਈ ਗਿਆ ਸੀ। ਜਿਥੇ ਦੁਪਹਿਰ ਸਮੇਂ ਜਦੋਂ ਖਾਣਾ ਖਾਣ ਲੱਗਿਆ ਤਾਂ ਉਸ ਦੀ ਦਾਲ ਗਰਮੀ ਕਾਰਨ ਖਰਾਬ ਹੋ ਗਈ ਸੀ ਤੇ ਉਹ ਰੇਹੜੀ ਤੋਂ ਛੋਲੇ ਭਟੂਰੇ ਖਾਣ ਚਲਾ ਗਿਆ।
ਮਹਿੰਗੇ ਭਾਅ ਦਿੱਤੇ ਛੋਲੇ ਭਟੂਰੇ ਤਾਂ ਕੀਤੀ ਸ਼ਿਕਾਇਤ : ਇਸ ਸਬੰਧੀ ਸ਼ਿਕਾਇਤ ਕਰਨ ਵਾਲੇ ਦਿਹਾੜੀ ਮਜਦੂਰ ਨੇ ਦੱਸਿਆ ਕਿ ਰੋਜ਼ਾਨਾ 20 ਰੁਪਏ ਦੀ ਮਿਲਣ ਵਾਲੀ ਛੋਲੇ ਭਟੂਰੇ ਦੀ ਪਲੇਟ 40 ਰੁਪਏ ਦੀ ਮਿਲੀ ਤਾਂ ਉਸ ਨੇ ਰੇਹੜੀ ਵਾਲੇ ਨਾਲ ਇਸ ਦੀ ਨਰਾਜ਼ਗੀ ਜ਼ਾਹਿਰ ਕੀਤੀ। ਉਸ ਨੇ ਕਿਹਾ ਕਿ ਰੋਜ਼ਾਨਾ ਤਾਂ ਇਹ ਪਲੇਟ 20 ਰੁਪਏ ਦੀ ਮਿਲਦੀ ਹੈ ਫਿਰ ਇਸ ਦੀ ਕੀਮਤ ਜ਼ਿਆਦਾ ਕਿਓਂ , ਤਾਂ ਉਸਨੂੰ ਰੇਹੜੀ ਵਾਲੇ ਨੇ ਕਿਹਾ ਕਿ ਮਹਿੰਗਾਈ ਵੱਧ ਗਈ ਹੈ। ਜਿਸ ਨੂੰ ਲੈਕੇ ਉਸ ਨੇ ਆਪਣੀ ਆਵਾਜ਼ ਉਠਾਉਣ ਦਾ ਫੈਸਲਾ ਕੀਤਾ ਅਤੇ ਪੂਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਲਿਆ ਕੇ ਇਸ ਦੀ ਸ਼ਿਕਾਇਤ ਕੀਤੀ।
ਪ੍ਰਸ਼ਾਸਨ 'ਤੇ ਵੱਧ ਰਿਹਾ ਲੋਕਾਂ ਦਾ ਵਿਸ਼ਵਾਸ : ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਉੱਪਰ ਸੰਗਰੂਰ ਦੇ ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਕੋਲ ਇੱਕ ਸ਼ਿਕਾਇਤ ਮਾਰਕ ਹੋ ਕੇ ਆਈ ਹੈ। ਜਿਸ ਦੇ ਵਿੱਚ ਇੱਕ ਮਜ਼ਦੂਰ ਵੱਲੋਂ ਸ਼ਹਿਰ ਦੀ ਕੋਲਾ ਪਾਰਕ ਮਾਰਕੀਟ ਦੇ ਨਜ਼ਦੀਕ ਛੋਲੇ ਭਟੂਰੇ ਦੇ ਰੇਟ ਜਿਆਦਾ ਹੋਣ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਨੂੰ ਮਿਲ ਬੈਠ ਕੇ ਸਲਝਾਉਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਪ੍ਰਸ਼ਾਸਨ 'ਤੇ ਲੋਕ ਆਪਣਾ ਭਰੋਸਾ ਪ੍ਰਗਟਾਅ ਰਹੇ ਹਨ। ਉਹਨਾਂ ਕਿਹਾ ਕਿ ਅੱਜ ਇੱਕ ਆਮ ਦਿਹਾੜੀਦਾਰ ਮਜ਼ਦੂਰ ਨੂੰ ਵੀ ਲੱਗ ਰਿਹਾ ਕਿ ਉਸ ਦੀ ਸੁਣਵਾਈ ਹੁੰਦੀ ਹੈ ਤੇ ਇਸ ਲਈ ਅਸੀਂ ਇਸ ਸ਼ਿਕਾਇਤ ਨੂੰ ਹਲਕੇ ਵਿੱਚ ਨਹੀਂ ਲਿਆ।